ਨਵੀਂ ਦਿੱਲੀ – ਵੈਸੇ ਤਾਂ ਭਾਰਤੀ ਕ੍ਰਿਕਟਰਜ਼ ਦੀ ਆਮਦਨ ਬਾਕੀ ਖਿਡਾਰੀਆਂ ਦੀ ਤੁਲਨਾ ‘ਚ ਬਹੁਤ ਜ਼ਿਆਦਾ ਹੈ ਅਤੇ ਬੀ.ਸੀ.ਸੀ.ਆਈ. ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ, ਪਰ ਫ਼ਿਰ ਵੀ ਕੋਹਲੀ ਐਂਡ ਕੰਪਨੀ ਨੂੰ ਕੇਲਾ ਖਾਣ ਲਈ ਸਪੈਸ਼ਲ ਡਿਮਾਂਡ ਕਰਨੀ ਪੈਂਦੀ ਹੈ। ਇਹ ਗੱਲ ਤੁਹਾਨੂੰ ਹੈਰਾਨ ਕਰ ਸਕਦੀ ਹੈ ਪਰ ਖ਼ਬਰਾਂ ਦੀ ਮੰਨੀਏ ਤਾਂ ਟੀਮ ਇੰਡੀਆ ਨੇ ਸਾਫ਼ ਕੀਤਾ ਹੈ ਕਿ ਹਾਲ ਹੀ ‘ਚ ਇੰਗਲੈਂਡ ਦੌਰੇ ‘ਤੇ ਉਨ੍ਹਾਂ ਨੂੰ ਕੇਲਾ ਖਾਣ ਨੂੰ ਨਹੀਂ ਮਿਲਿਆ ਅਤੇ ਇੰਗਲੈਂਡ ‘ਚ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਦੌਰਾਨ ਟੀਮ ਇੰਡੀਆ ਲਈ ਕੇਲੇ ਦਾ ਇੰਤਜ਼ਾਮ ਬੀ.ਸੀ.ਸੀ.ਆਈ ਨੂੰ ਕਰਨਾ ਚਾਹੀਦੀ ਹੈ। ਹਾਲ ਹੀ ਵਿੱਚ ਇੰਗਲੈਂਡ ਦੌਰੇ ‘ਤੇ ਹੋ ਕੇ ਆਈ ਟੀਮ ਇੰਡੀਆ ਦੀ ਹਾਰ ਅਤੇ ਅੱਗੇ ਦੀਆਂ ਤਿਆਰੀਆਂ ਲਈ ਹੋਈ ਮੀਟਿੰਗ ਵਿੱਚੋਂ ਬਹੁਤ ਦਿਲਚਸਪ ਜਾਣਕਾਰੀਆਂ ਸਾਹਮਣੇ ਆਈਆਂ ਹਨ। ਹੈਦਰਾਬਾਦ ‘ਚ ਹੋਈ ਇਸ ਮੀਟਿੰਗ ‘ਚ ਟੀਮ ਇੰਡੀਆ ਨੇ 2019 ਵਰਲਡ ਕੱਪ ਦੀਆਂ ਤਿਆਰੀਆਂ ਲਈ ਕੁੱਝ ਅਜਿਹੀ ਡਿਮਾਂਡ ਸਾਹਮਣੇ ਰੱਖੀ ਹੈ ਜਿਸ ਨਾਲ ਬੀ.ਸੀ.ਸੀ.ਆਈ. ਨੂੰ ਚਲਾ ਰਹੇ ਪ੍ਰਬੰਧਕਾਂ ਦੀ ਕਮੇਟੀ ਵੀ ਹੈਰਾਨ ਹੈ।
ਟਰੇਨ ਦਾ ਪੂਰਾ ਕੋਚ ਬੁੱਕ ਕਰਾਉਣਾ ਚਾਹੁੰਦੇ ਹਨ ਕੋਹਲੀ
ਇੰਨਾ ਹੀ ਨਹੀਂ, ਟੀਮ ਇੰਡੀਆ ਦੀ ਇਹ ਵੀ ਡਿਮਾਂਡ ਹੈ ਕਿ 2019 ਵਰਲਡ ਕੱਪ ਦੌਰਾਨ ਇੰਗਲੈਂਡ ‘ਚ ਟੀਮ ਦੇ ਸਫ਼ਰ ਲਈ ਇੱਕ ਟਰੇਨ ਦਾ ਪੂਰਾ ਡੱਬਾ ਬੁੱਕ ਹੋਣਾ ਚਾਹੀਦਾ ਹੈ ਤਾਂਕਿ ਟੀਮ ਨੂੰ ਆਮ ਯਾਤਰੀਆਂ ਨਾਲ ਸਫ਼ਰ ਨਾ ਕਰਨਾ ਪਵੇ। ਕੋਹਲੀ ਐਂਡ ਕੰਪਨੀ ਦਾ ਤਰਕ ਸੀ ਕਿ ਇੰਗਲੈਂਡ ‘ਚ ਟਰੇਨ ‘ਚ ਟ੍ਰੈਵਲ ਕਰਨ ਨਾਲ ਸਮੇਂ ਦੀ ਬੱਚਤ ਦੇ ਨਾਲ-ਨਾਲ ਸਹੂਲੀਅਤ ਵੀ ਮਿਲਦੀ ਹੈ। ਹਾਲਾਂਕਿ ਸੈਕਿਓਰਿਟੀ ਦੀ ਗੱਲ ਆਉਣ ‘ਤੇ ਕੋਹਲੀ ਦਾ ਕਹਿਣਾ ਸੀ ਇਸ ਲਈ ਪੂਰਾ ਕੋਚ ਹੀ ਬੁੱਕਾ ਕੀਤਾ ਜਾ ਸਕਦਾ ਹੈ। ਕੋਹਲੀ ਨੇ ਮੀਟਿੰਗ ‘ਚ ਦਾਅਵਾ ਕੀਤਾ ਕਿ ਇੰਗਲੈਂਡ ਦੀ ਟੀਮ ਵੀ ਟਰੇਨ ‘ਚ ਹੀ ਸਫ਼ਰ ਕਰਦੀ ਹੈ।