ਮੁੰਬਈ— ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਸਾਮਾਜਿਕ ਵਰਕਰ ਗੌਤਮ ਨਵਲੱਖਾ, ਪ੍ਰੋਫੈਸਰ ਆਨੰਦ ਤੇਲਤੁੰਬੜੇ ਤੇ ਸਟੇਨ ਸਵਾਮੀ ਨੂੰ ਕੋਰੇਗਾਓਂ ਭੀਮਾ ਹਿੰਸਾ ਤੇ ਮਾਓਵਾਦੀਆਂ ਨਾਲ ਕਥਿਤ ਸੰਪਰਕ ਦੇ ਸੰਬੰਧ ‘ਚ ਉਨ੍ਹਾਂ ਖਿਲਾਫ ਦਰਜ ਮਾਮਲੇ ‘ਚ ਗ੍ਰਿਫਤਾਰੀ ਤੋਂ 21 ਨਵੰਬਰ ਤਕ ਰਾਹਤ ਦਿੱਤੀ ਹੈ। ਜੱਜ ਰੰਜੀਤ ਮੋਰੇ ਤੇ ਭਾਰਤੀ ਡਾਂਗਰੇ ਦੀ ਬੈਂਚ ਨੇ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਤਿੰਨਾਂ ਵਰਕਰਾਂ ਨੂੰ ਰਾਹਤ ਪ੍ਰਦਾਨ ਕੀਤੀ। ਇਨ੍ਹਾਂ ਤਿੰਨਾਂ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰ ਉਨ੍ਹਾਂ ਖਿਲਾਫ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 21 ਨਵੰਬਰ ਦੀ ਤਰੀਕ ਮੁਕੱਰਰ ਕੀਤੀ ਹੈ ਕਿਉਂਕਿ ਇਸ ਸਬੰਧ ‘ਚ ਇਕ ਮਾਮਲਾ ਸੁਪਰੀਮ ਕੋਰਟ ‘ਚ ਲਟਕਿਆ ਹੈ। ਬੈਂਚ ਨੇ ਕਿਹਾ, ”ਅਸੀਂ ਉਡੀਕ ਕਰਾਂਗੇ ਤੇ ਦੇਖਾਂਗੇ ਕਿ ਉਨ੍ਹਾਂ ਮਾਮਲਿਆਂ ‘ਚ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ ਹੈ। ਮਾਮਲੇ ਦੀ ਅਗਲੀ ਸੁਣਵਾਈ ਤਕ ਅੰਤਰਿਮ ਰਾਹਤ ਜਾਰੀ ਰਹੇਗੀ।”
ਅਦਾਲਤ ਨੇ ਪਿਛਲੇ ਮਹੀਨੇ ਪੁਲਸ ਨੂੰ ਆਦੇਸ਼ ਦਿੱਤਾਸੀ ਕਿ ਉਹ ਪਟੀਸ਼ਨਕਰਤਾ ਖਿਲਾਫ ਨਾ ਤਾਂ ਕਿਸੇ ਤਰ੍ਹਾਂ ਦੀ ਸਜ਼ਾਯੋਗ ਕਾਰਵਾਈ ਕਰੇ ਤੇ ਨਾ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰੇ। ਇਸ ਮਾਮਲੇ ‘ਚ ਨਵਲੱਖਾ ਆਪਣੇ ਘਰ ‘ਚ ਨਜ਼ਰਬੰਦ ਹੈ ਜਦਕਿ ਤੇਲਤੁੰਬੜੇ ਤੇ ਸਵਾਮੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ 28 ਅਗਸਤ ਨੂੰ ਵਰਕਰ ਵਰਵਾ ਰਾਵ, ਅਰੂਣ ਫੈਰਾਰਿਆ, ਵੇਰੋਨ ਗੋਂਸਾਲਵਿਸ ਤੇ ਸੁਧਾ ਭਾਰਦਵਾਜ ਨੂੰ ਮਾਓਵਾਦੀਆਂ ਨਾਲ ਸੰਪਰਕ ਤੇ ਕੋਰੇਗਾਓ ਭੀਮਾ ‘ਚ 1 ਜਨਵਰੀ ਨੂੰ ਹੋਈ ਹਿੰਸਾ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤਾ।