ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਓਡੀਸ਼ਾ ਦੇ ਝਾਰਸੁਗੂੜਾ ਹਵਾਈ ਅੱਡੇ ਦਾ ਨਾਂ ਬਦਲ ਕੇ ‘ਵੀਰ ਸੁਰਿੰਦਰ ਸਾਈਂ ਹਵਾਈ ਅੱਡਾ’ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਵੀਰ ਸੁਰਿੰਦਰ ਓਡੀਸ਼ਾ ਦੇ ਸੁਤੰਤਰਤਾ ਸੈਨਾਨੀ ਸਨ। ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਬਿਆਨ ਵਿਚ ਕਿਹਾ ਗਿਆ ਕਿ ਝਾਰਸੁਗੂੜਾ ਹਵਾਈ ਅੱਡੇ ਦਾ ਨਾਂ ਬਦਲ ਕੇ ਵੀਰ ਸੁਰਿੰਦਰ ਸਾਈਂ ਕਰ ਕੇ ਓਡੀਸ਼ਾ ਸਰਕਾਰ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਪੂਰਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਇੱਥੇ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਮੋਦੀ ਨੇ 22 ਸਤੰਬਰ 2018 ਨੂੰ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ।
ਇਸ ਹਵਾਈ ਅੱਡੇ ਦਾ ਵਿਕਾਸ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਓਡੀਸ਼ਾ ਸਰਕਾਰ ਨਾਲ ਸਹਿਯੋਗ ਨਾਲ ਕੀਤਾ ਹੈ। ਹਵਾਈ ਅੱਡੇ ‘ਤੇ ਕੁੱਲ 210 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ‘ਚ 75 ਕਰੋੜ ਰੁਪਏ ਦਾ ਯੋਗਦਾਨ ਸੂਬਾ ਸਰਕਾਰ ਨੇ ਦਿੱਤਾ ਹੈ। ਇਹ ਹਵਾਈ ਅੱਡਾ 1,027 ਏਕੜ ਖੇਤਰ ‘ਚ ਫੈਲਿਆ ਹੈ। ਇਸ ਦੀ ਹਵਾਈ ਪੱਟੀ ਦੀ ਲੰਬਾਈ 2,390 ਮੀਟਰ ਹੈ। ਹਵਾਈ ਅੱਡੇ ਦੀ ਟਰਮੀਨਲ ਇਮਾਰਤ 4,000 ਵਰਗ ਮੀਟਰ ਖੇਤਰ ਵਿਚ ਹੈ।