ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਦੇ ਮਾਮਲੇ ‘ਚ ਇਕ ਨਵਾਂ ਮੌੜ ਆਇਆ ਹੈ ਕਿ 18 ਤੇ 19 ਅਕਤੂਬਰ ਦੀ ਰਾਤ ਨੂੰ 12.53 ਮਿੰਟ ‘ਤੇ ਪੁਲਸ ਕਮਿਸ਼ਨਰ ਦਫਤਰ ਨੇ ਰੇਲਵੇ ਪੁਲਸ ਜੀ.ਆਰ.ਪੀ) ਨੂੰ ਈ-ਮੇਲ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਲਈ ਸੂਚਿਤ ਕੀਤਾ ਸੀ।
ਕਮਿਸ਼ਨਰ ਦਫਤਰ ਵਲੋਂ ਕੀਤੀ ਗਈ ਈ-ਮੇਲ ‘ਚ ਸੁਰੱਖਿਆ ਬ੍ਰਾਂਚ ਵਲੋਂ ਰੇਲ ਵਿਭਾਗ ਨੂੰ ਦੁਸਹਿਰੇ ਦੇ ਸਾਰੇ ਸਥਾਨ ਦੱਸੇ ਗਏ ਸਨ। ਮਾਮਲੇ ‘ਚ ਆਏ ਇਸ ਨਵੇਂ ਮੌੜ ਨੇ ਰੇਲਵੇ ਵਿਭਾਗ ਨੂੰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਇਸ ਸਾਰੇ ਮਾਮਲੇ ‘ਤੇ ਟਿੱਪਣੀ ਕਰਦਿਆਂ ਫਿਰੋਜ਼ਪੁਰ ਦੇ ਡੀ.ਆਰ.ਐੱਮ. ਵਿਵੇਕ ਕੁਮਾਰ ਨੇ ਸਾਫ ਕੀਤਾ ਕਿ ਇਸ ਖੁਲਾਸੇ ਦੀ ਕੋਈ ਜਾਂਚ ਨਹੀਂ ਕੀਤੀ ਜਾਵੇਗੀ ਕਿਉਂਕਿ ਡਰਾਈਵਰ ਸਿਗਨਲ ਮੁਤਾਬਕ ਹੀ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸੁਰੱਖਿਆ ਬ੍ਰਾਂਚ ਇਕ ਈ-ਮੇਲ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹੱਟ ਸਕਦੀ।
ਡੀ.ਆਰ.ਐੱਮ. ਵਿਵੇਕ ਨੇ ਕਿਹਾ ਕਿ ਸੁਰੱਖਿਆ ਬ੍ਰਾਂਚ ਵਲੋਂ ਉਨ੍ਹਾਂ ਨੂੰ ਕੋਈ ਮੇਲ ਨਹੀਂ ਕੀਤੀ ਗਈ ਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਸੂਚਿਤ ਕਰਨ ਦੇ ਕਈ ਹੋਰ ਤਰੀਕੇ ਵੀ ਹਨ।