ਤੁਸੀਂ ਘਰ ‘ਚ ਵੱਡੇ ਬਜ਼ੁਰਗਾਂ ਨੂੰ ਇਹ ਕਹਿੰਦੇ ਤਾਂ ਸੁਣਿਆ ਹੀ ਹੋਵੇਗਾ ਕਿ ਸਰਦੀਆਂ ਦਾ ਮੌਸਮ ਸਿਹਤ ਬਣਾਉਣ ਦਾ ਮੌਸਮ ਹੈ। ਇਸ ਸਮੇਂ ਬਾਜ਼ਾਰ ‘ਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਇਸ ਸਮੇਂ ਬਾਜਾਰ ‘ਚ ਨਾ ਤਾਂ ਫ਼ਲਾਂ ਦੀ ਕਮੀ ਹੁੰਦੀ ਹੈ ਅਤੇ ਨਾ ਹੀ ਸਬਜ਼ੀਆਂ ਦੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਲਈ ਬਹੁਤੇ ਜ਼ਿਆਦਾ ਪੈਸੇ ਵੀ ਖ਼ਰਚ ਨਹੀਂ ਕਰਨੇ ਪੈਂਦੇ। ਇਸ ਸਮੇਂ ਬਾਜ਼ਾਰ ‘ਚ ਹਰੀਆਂ ਸਬਜ਼ੀਆਂ ਦੀ ਬਹਾਰ ਹੈ ਅਤੇ ਉਨ੍ਹਾਂ ‘ਚੋਂ ਇੱਕ ਹੈ ਹਰੀ ਮੇਥੀ। ਹਰੀ ਮੇਥੀ ਗੁਣਾਂ ਦੀ ਖਾਨ ਹੈ। ਤੁਸੀਂ ਇਸ ਨੂੰ ਨਾ ਸਿਰਫ਼ ਸਬਜ਼ੀ ਦੇ ਰੂਪ ‘ਚ ਸਗੋਂ ਪਰੌਂਠੇ ‘ਚ ਵੀ ਪਾ ਸਕਦੇ ਹੋ। ਕਈ ਲੋਕ ਇਸ ਨੂੰ ਉਬਾਲ ਕੇ ਖਾਣਾ ਵੀ ਪਸੰਦ ਕਰਦੇ ਹਨ।
ਹਰੀ ਮੇਥੀ ਖਾਣ ਦੇ ਫ਼ਾਇਦੇ
ਜੇਕਰ ਤੁਸੀਂ ਕਬਜ਼ ਜਾਂ ਪਾਚਨ ਨਾਲ ਜੁੜੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਹਰੀ ਮੇਥੀ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹੈ। ਹਰੀ ਮੇਥੀ ਦੀ ਵਰਤੋਂ ਨਾਲ ਪਾਚਨ ਕਿਰਿਆ ‘ਤੇ ਸਾਕਾਰਾਤਮਕ ਅਸਰ ਪੈਂਦਾ ਹੈ ਅਤੇ ਕਬਜ਼, ਗੈਸ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਸਰਦੀਆਂ ‘ਚ ਮੇਥੀ ਦੀ ਵਰਤੋਂ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਜੋੜਾਂ ‘ਚ ਦਰਦ ਦੀ ਸਮੱਸਿਆ ‘ਚ ਫ਼ਾਇਦਾ ਹੁੰਦਾ ਹੈ।
ਜੇਕਰ ਬੱਚੇ ਦੇ ਪੇਟ ‘ਚ ਕੀੜੇ ਹੋ ਗਏ ਹਨ ਤਾਂ ਵੀ ਹਰੀ ਮੇਥੀ ਦੀ ਵਰਤੋਂ ਕਰਨਾ ਬੇਹੱਦ ਫ਼ਾਇਦੇਮੰਦ ਹੈ। ਕੁਝ ਦਿਨਾਂ ਤਕ ਬੱਚਿਆਂ ਨੂੰ ਮੇਥੀ ਦੀਆਂ ਪੱਤੀਆਂ ਦਾ ਰਸ ਪਿਲਾਓ ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਸ਼ੂਗਰ ਦੇ ਮਰੀਜ਼ਾਂ ਨੂੰ ਵੀ ਮੇਥੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਰਸ ਪੀਣਾ ਵੀ ਸ਼ੂਗਰ ਦੀ ਬੀਮਾਰੀ ‘ਚ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਹਰ ਰੋਜ਼ ਮੇਥੀ ਦੀ ਸਬਜ਼ੀ ਖਾਣ ਨਾਲ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।