ਕਰਾਚੀ – ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਮਿਕੀ ਔਰਥਰ ਨੇ ਕ੍ਰਿਕਟ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਮੋਹਸਿਨ ਖ਼ਾਨ ਤੋਂ ਮੀਡੀਆ ‘ਚ ਉਨ੍ਹਾਂ ਦੀ ਇਤਰਾਜ਼ਯੋਗ ਟਿੱਪਣੀ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਨੂੰ ਕਿਹਾ ਹੈ। ਜੰਗ ਅਖ਼ਬਾਰ ਮੁਤਾਬਿਕ, ਔਰਥਰ ਨੇ ਸਪੱਸ਼ਟ ਕਰ ਦਿੱਤਾ ਕਿ ਸਾਬਕਾ ਟੈੱਸਟ ਸਲਾਮੀ ਬੱਲੇਬਾਜ਼ ਮੋਹਸਿਨ ਜਦੋਂ ਤਕ ਟੈਲੀਵਿਯਨ ਸ਼ੋਅ ‘ਚ ਮੁੱਖ ਕੋਚ ਬਾਰੇ ਆਪਣੀ ਟਿੱਪਣੀ ਲਈ ਮੁਆਫ਼ੀ ਨਹੀਂ ਮੰਗਦੇ ਤਦ ਤਕ ਉਨ੍ਹਾਂ ਨਾਲ ਬੈਠਕ ਕਰਨ ਦਾ ਕੋਈ ਇਰਾਦਾ ਨਹੀਂ।
ਖ਼ਬਰਾਂ ਮੁਤਾਬਿਕ ਔਰਥਰ ਨੇ ਪੀ.ਸੀ.ਬੀ. ਅਧਿਕਾਰੀਆਂ ਨੂੰ ਆਪਣੇ ਰੁਖ਼ ਤੋਂ ਜਾਣੂ ਕਰਾ ਦਿੱਤਾ ਹੈ। ਸਾਬਕਾ ਟੈੱਸਟ ਕਪਤਾਨਾਂ ਵਸੀਮ ਅਕਰਮ ਅਤੇ ਮਿਸਬਾਹ ਉਲ ਹੱਕ ਅਤੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਉਰੂਜ਼ ਮੁਮਤਾਜ਼ ਦੀ ਉੱਚ ਅਧਿਕਾਰ ਵਾਲੀ ਕਮੇਟੀ ਦੇ ਪ੍ਰਮੁੱਖ ਮੋਹਸਿਨ ਨੇ ਮੁਹੰਮਦ ਆਮਿਰ ਦਾ ਸਮਰਥਨ ਕਰਨ ਲਈ ਔਰਥਰ ਨੂੰ ਬੇਵਕੂਫ਼ ਅਤੇ ਗਧਾ ਕਿਹਾ ਸੀ। ਹਾਲ ‘ਚ ਕ੍ਰਿਕਟ ਕਮੇਟੀ ਦੀ ਨਿਯੁਕਤੀ ਕਰਦੇ ਹੋਏ ਪੀ.ਸੀ.ਬੀ. ਨੇ ਔਰਥਰ ਦਾ ਕਰਾਰ ਵੀ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤਕ ਵਧਾ ਦਿੱਤਾ ਸੀ।