ਨਵੀਂ ਦਿੱਲੀ – ਆਸਟਰੇਲੀਆ ਨੇ ਆਪਣੀ ਵਨ ਡੇ ਟੀਮ ‘ਚ ਨੌਜਵਾਨ ਬੱਲੇਬਾਜ਼ ਬੈੱਨ ਮੈਕਡਰਮਟ ਨੂੰ ਜਗ੍ਹਾ ਦਿੱਤੀ ਹੈ। ਉਸ ਨੂੰ ਟੀਮ ‘ਚ ਜ਼ਖ਼ਮੀ ਸ਼ੌਨ ਮਾਰਸ਼ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਹੈ। ਖੱਬੇ ਹੱਥ ਦਾ ਮਾਰਸ਼ ਅਜੇ ਆਪਣੀ ਸੱਟ ਤੋਂ ਉਭਰ ਰਿਹਾ ਹੈ ਅਤੇ ਉਹ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਲਈ ਤਿਆਰ ਨਹੀਂ ਹੋ ਸਕਿਆ। ਮਾਰਸ਼ ਸੱਟ ਦੀ ਹੀ ਵਜ੍ਹਾ ਨਾਲ ਪਰਥ ‘ਚ ਖੇਡੇ ਗਏ ਪਹਿਲੇ ਵਨ ਡੇ ‘ਚ ਵੀ ਨਹੀਂ ਖੇਡਿਆ ਸੀ। ਆਸਟਰੇਲੀਆ ਸਿਲੈਕਟਰਜ਼ ਦੇ ਚੇਅਰਮੈਨ ਟ੍ਰੈਵਰ ਓਨਸ ਨੇ ਕਿਹਾ ਕਿ ਮੈਕਡਰਮਟ ਦੇ ਸ਼ਾਮਿਲ ਹੋਣ ਨਾਲ ਕਪਤਾਨ ਐਰਨ ਫ਼ਿੰਚ ਨੂੰ ਜ਼ਿਆਦਾ ਬੱਲੇਬਾਜ਼ੀ ਦੇ ਵਿਕਲਪ ਮਿਲਣਗੇ ਖ਼ਾਸ ਤੌਰ ‘ਤੇ ਹੁਣ ਮਾਰਸ਼ ਉਪਲਬਧ ਨਹੀਂ। ਓਨਸ ਨੇ ਕਿਹਾ, ”ਫ਼ੈਸਲੇ ਦੀ ਸਭ ਤੋਂ ਅਹਿਮ ਗੱਲ ਮਾਰਸ਼ ਦੀ ਜਗ੍ਹਾ ਸਹੀ ਖਿਡਾਰੀ ਨੂੰ ਸ਼ਾਮਿਲ ਕਰਨਾ ਹੈ ਤਾਂ ਕਿ ਮਾਰਸ਼ ਨੂੰ ਆਪਣੀ ਸੱਟ ਤੋਂ ਉਭਰਨ ਲਈ ਸਮਾਂ ਮਿਲ ਸਕੇ।”
ਬੈੱਨ ਮੈਕਡਰਮਟ ਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਪਿੱਛਲੇ ਮਹੀਨੇ ਕੀਤਾ ਸੀ, ਇਸ ਦੌਰਾਨ ਉਸ ਨੇ ਯੂ.ਏ.ਈ. ਅਤੇ ਪਾਕਿਸਤਾਨ ਖ਼ਿਲਾਫ਼ ਚਾਰ ਟੀ-20 ਮੈਚ ਖੇਡੇ ਸਨ। ਉਹ ਪਾਕਿਸਤਾਨ ਖ਼ਿਲਾਫ਼ ਤਿੰਨਾਂ ਮੈਚਾਂ ‘ਚ ਰਨ ਆਊਟ ਹੋਇਆ ਸੀ। ਪਾਵਰ ਹਿਟਰ ਮੈਕਡਰਮਟ ਉਮੀਦ ਤੋਂ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮਯਾਬ ਰਿਹਾ ਸੀ।
ਬ੍ਰਿਸਬੇਨ ‘ਚ ਜਨਮਿਆ ਬੈੱਨ ਪਿੱਛਲੇ ਮਹੀਨੇ ਸ਼ੁਰੂ ਹੋਏ ਜੇ.ਐੱਲ.ਟੀ. ਵਨ ਡੇ ‘ਚ ਦੂਜਾ ਸਭ ਤੋਂ ਵੱਡਾ ਸਕੋਰਰ ਰਿਹਾ ਹੈ। ਇਸ ਦੌਰਾਨ ਉਸ ਤੋਂ ਜ਼ਿਆਦਾ ਦੌੜਾਂ ਸਿਰਫ਼ ਕ੍ਰਿਸ ਲਿਨ ਨੇ ਬਣਾਈਆਂ ਸਨ। ਉਸ ਨੇ ਇਸ ਦੌਰਾਨ 71.16 ਦੀ ਔਸਤ ਨਾਲ 427 ਦੌੜਾਂ ਬਣਾਈਆਂ। ਉਸ ਦਾ ਸਟ੍ਰਾਇਕ ਰੇਟ 90.27 ਦਾ ਰਿਹਾ ਸੀ। ਤਸਮਾਨੀਆ ਵਲੋਂ ਓਪਨਿੰਗ ਬੱਲੇਬਾਜ਼ੀ ਕਰਦਿਆਂ ਉਸਾਂ ਨੇ ਸੱਤ ਮੈਚਾਂ ‘ਚ ਦੋ ਸੈਂਕੜੇ ਅਤੇ ਦੋ ਅਰਧਸੈਂਕੜੇ ਲਗਾਏ ਸਨ। ਬੈੱਨ ਸਾਬਕਾ ਦਿੱਗਜ ਆਸਟਰੇਲੀਅਨ ਕ੍ਰਿਕਟਰ ਕ੍ਰੈਗ ਮੈਕਡਰਮਟ ਦਾ ਬੇਟਾ ਹੈ।