ਲਖਨਊ – ਕਪਤਾਨ ਰੋਹਿਤ ਸ਼ਰਮਾ ਨੇ ਦੀਵਾਲੀ ਤੋਂ ਪਹਿਲਾਂ ਚੌਕੇ-ਛੱਕਿਆਂ ਨਾਲ ਧੂਮ-ਧੜੱਕਾ ਕਰਦਿਆਂ ਮੰਗਲਵਾਰ ਨੂੰ ਇੱਥੇ ਅਜੇਤੂ ਸੈਂਕੜਾ ਲਾਇਆ, ਜਿਸ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈੱਸਟਇੰਡੀਜ਼ ਨੂੰ 71 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।
ਰੋਹਿਤ ਨੇ ਨਵੇਂ ਬਣੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ 8 ਚੌਕੇ ਤੇ 7 ਛੱਕੇ ਲਾ ਕੇ 50 ਹਜ਼ਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫ਼ਾਇਦਾ ਚੁੱਕ ਕੇ 61 ਗੇਂਦਾਂ ‘ਤੇ ਅਜੇਤੂ 111 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 8 ਚੌਕੇ ਤੇ 7 ਛੱਕੇ ਸ਼ਾਮਿਲ ਸਨ। ਉਸ ਨੇ ਸ਼ਿਖਰ ਧਵਨ (41 ਗੇਂਦਾਂ ‘ਤੇ 43 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਜੋੜੀਆਂ ਜਦਕਿ ਕੇ. ਐੱਲ. ਰਾਹੁਲ (14 ਗੇਂਦਾਂ ‘ਤੇ ਅਜੇਤੂ 26 ਦੌੜਾਂ) ਨਾਲ ਤੀਜੀ ਵਿਕਟ ਲਈ ਸਿਰਫ਼ 28 ਗੇਂਦਾਂ ‘ਤੇ 62 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਨਾਲ ਭਾਰਤ 2 ਵਿਕਟਾਂ ‘ਤੇ 195 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਸਫ਼ਲ ਰਿਹਾ।
ਇਸ ਦੇ ਜਵਾਬ ਵਿੱਚ ਵੈੱਸਟਇੰਡੀਜ਼ ਟੀਮ 9 ਵਿਕਟਾਂ ‘ਤੇ 124 ਦੌੜਾਂ ਹੀ ਬਣਾ ਸਕੀ। ਕੋਲਕਾਤਾ ਵਿੱਚ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਣ ਵਾਲੀ ਭਾਰਤੀ ਟੀਮ ਨੇ ਇਸ ਤਰ੍ਹਾਂ ਨਾਲ ਟੈੱਸਟ ਤੇ ਵਨ ਡੇ ਤੋਂ ਬਾਅਦ ਟੀ-20 ਲੜੀ ਵੀ ਆਪਣੇ ਨਾਂ ਕਰ ਲਈ। ਤੀਜਾ ਅਤੇ ਆਖਰੀ ਟੀ-20 ਮੈਚ 11 ਨਵੰਬਰ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਰੋਹਿਤ ਨੇ ਸ਼ੁਰੂ ਵਿੱਚ ਚੌਕਸੀ ਵਰਤੀ, ਪਰ ਜਲਦ ਹੀ ਆਪਣੇ ਅਸਲੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ। ਧਵਨ ਨੇ ਕਪਤਾਨ ਨਾਲ ਪੂਰੀ ਲੈਅ ਦਿਖਾਈ ਤੇ ਪਹਿਲੇ 10 ਓਵਰਾਂ ਵਿੱਚ ਸਕੋਰ 83 ਦੌੜਾਂ ‘ਤੇ ਪਹੁੰਚਾ ਦਿੱਤਾ।
ਰੋਹਿਤ ਨੇ ਥੌਮਸ ਨੂੰ ਹੀ ਨਿਸ਼ਾਨਾ ਬਣਾਇਆ ਜਿਹੜਾ ਲਗਾਤਾਰ 145 ਕਿ. ਮੀ. ਦੀ ਰਫ਼ਤਾਰ ਨਾਲ ਗੇਂਦ ਕਰ ਰਿਹਾ ਸੀ। ਜਦੋਂ ਉਹ ਪਾਰੀ ਦਾ ਤੀਜਾ ਓਵਰ ਕਰਨ ਲਈ ਆਇਆ ਤਾਂ ਰੋਹਿਤ ਪੂਰੀ ਤਰ੍ਹਾਂ ਸੈੱਟ ਹੋ ਚੁੱਕਾ ਸੀ। ਇਸ ਧਾਕੜ ਬੱਲੇਬਾਜ਼ ਨੇ ਉਸ ਦੀ 149 ਕਿ. ਮੀ. ਦੀ ਰਫ਼ਤਾਰ ਵਾਲੀ ਗੇਂਦ ਨੂੰ ਛੱਕੇ ਲਈ ਭੇਜਿਆ ਜਦਕਿ ਧਵਨ ਨੇ ਇਸੇ ਓਵਰ ਵਿੱਚ ਦੋ ਚੌਕੇ ਲਾਏ। ਥੌਮਸ ਦੇ ਇਸ ਓਵਰ ਵਿੱਚ 17 ਦੌੜਾਂ ਬਣੀਆਂ।
ਧਵਨ ਨੂੰ ਵੀ 28 ਦੌੜਾਂ ਦੇ ਨਿੱਜੀ ਸਕਰ ‘ਤੇ ਕੀਮੋ ਪੌਲ ਨੇ ਜੀਵਨਦਾਨ ਦਿੱਤਾ। ਉਹ ਨਾ ਸਿਰਫ਼ ਸਿੱਧਾ ਕੈਚ ਲੈਣ ਵਿੱਚ ਅਸਫ਼ਲ ਰਿਹਾ ਸਗੋਂ ਗੇਂਦ ਨੂੰ ਚੌਕੇ ਲਈ ਜਾਣ ਤੋਂ ਵੀ ਨਹੀਂ ਰੋਕ ਸਕਿਆ। ਰੋਹਿਤ ਨੇ ਟੀ-20 ਵਿੱਚ 19ਵੀਂ ਵਾਰ 50 ਤੋਂ ਵੱਧ ਦਾ ਸਕੋਰ ਬਣਾਇਆ ਜਿਹੜਾ ਕਿ ਭਾਰਤੀ ਰਿਕਾਰਡ ਹੈ। ਕੋਹਲੀ 18 ਵਾਰ ਅਜਿਹਾ ਕਾਰਨਾਮਾ ਕਰ ਚੁੱਕਾ ਹੈ। ਰੋਹਿਤ ਆਪਣੇ ਪੂਰੇ ਰੰਗ ਵਿੱਚ ਸੀ ਅਤੇ ਕਿਸਮਤ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ।
ਧਵਨ ਤੇ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਕੇ. ਐੱਲ. ਰਾਹੁਲ ਨੇ ਰੋਹਿਤ ਦਾ ਚੰਗਾ ਸਾਥ ਦੇ ਕੇ ਡੈੱਥ ਓਵਰਾਂ ਵਿੱਚ ਵੀ ਦੌੜਾਂ ਦਾ ਮੀਂਹ ਵਰ੍ਹਾਉਣਾ ਜਾਰੀ ਰੱਖਿਆ। ਰੋਹਿਤ ਨੇ ਪਾਰੀ ਦੇ ਆਖਰੀ ਓਵਰ ਵਿੱਚ ਵਿਰੋਧੀ ਕਪਤਾਨ ਕਾਰਲੋਸ ਬ੍ਰੈੱਥਵੇਟ ਦੀਆਂ ਗੇਂਦਾਂ ‘ਤੇ ਲਗਾਤਾਰ ਤਿੰਨ ਚੌਕੇ ਅਤੇ ਇੱਕ ਛੱਕਾ ਲਾਇਆ ਤੇ ਇਸ ਵਿੱਚਾਲੇ ਦੂਜੇ ਚੌਕੇ ਨਾਲ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ ਜਿਹੜਾ ਟੀ-20 ਕੌਮਾਂਤਰੀ ਕ੍ਰਿਕਟ ‘ਚ ਇੱਕ ਨਵਾਂ ਰਿਕਾਰਡ ਹੈ।
ਇਕਾਨਾ ਹੁਣ ਅਟਲ ਬਿਹਾਰੀ ਵਾਜਪਾਈ ਕੌਮਾਂਤਰੀ ਕ੍ਰਿਕਟ ਸਟੇਡੀਅਮ
ਭਾਰਤ ਅਤੇ ਵੈੱਸਟਇੰਡੀਜ਼ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਤੋਂ ਕੁੱਝ ਘੰਟੇ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ਸਥਿਤ ਇਕਾਨਾ ਕ੍ਰਿਕਟ ਸਟੇਡੀਅਮ ਦਾ ਨਵਾਂ ਨਾਂ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਰੱਖ ਦਿੱਤਾ। ਯੋਗੀ ਨੇ ਸ਼ਹੀਦ ਪੱਥ ‘ਤੇ ਸਥਿਤ ਇਕਾਨਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਨਵੇਂ ਨਾਮਕਰਨ ਦਾ ਉਦਘਾਟਨ ਕੀਤਾ। ਇਸ ਸਟੇਡੀਅਮ ਦਾ ਨਾਂ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਰੱਖਿਆ ਗਿਆ ਹੈ।