38 ਫੀਸਦੀ ਰਕਬੇ ‘ਤੇ ਬਿਜਾਈ ਮੁਕੰਮਲ, ਬਿਜਾਈ ਲਈ ਲੋੜੀਂਦੀ ਸਾਰੀ ਖੇਤੀ ਸਮੱਗਰੀ ਉਪਲੱਬਧ
ਚੰਡੀਗੜ੍ਹ : ਪੰਜਾਬ ਵਿੱਚ ਸ਼ਨੀਵਾਰ ਤੱਕ 33 ਲੱਖ ਏਕੜ ਰਕਬੇ ‘ਤੇ ਕਣਕ ਦੀ ਬਿਜਾਈ ਹੋ ਗਈ ਹੈ ਜਿਸ ਦੇ ਨਾਲ ਪੰਜਾਬ ਸੂਬੇ ਭਰ ਵਿੱਚ ਕੁੱਲ 104 ਲੱਖ ਏਕੜ ਖੇਤੀਬਾੜੀ ਰਕਬੇ ਵਿੱਚੋਂ 87 ਲੱਖ ਏਕੜ ਰਕਬੇ ‘ਤੇ ਹਾੜ੍ਹੀ ਦੀ ਫਸਲ ਦੀ ਬਿਜਾਈ ਮੁਕੰਮਲ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਤਰ੍ਹਾਂ ਅੱਗੇ ਵਧ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਖੇਤੀਬਾੜੀ ਸਕੱਤਰ, ਸ੍ਰੀ ਕੇ.ਐਸ. ਪਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਣਕ ਦੀ ਬਿਜਾਈ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਜਿਸ ਵਿੱਚ ਸਿੰਜਾਈ ਲਈ ਯਕੀਨਨ ਬਿਜਲੀ ਸਪਲਾਈ, ਨਿਯਮਿਤ ਨਹਿਰੀ ਜਲ ਸਪਲਾਈ ਅਤੇ ਕਿਸਾਨਾਂ ਨੂੰ 4.50 ਲੱਖ ਟਨ ਡੀ.ਏ.ਪੀ. ਖਾਦਾਂ ਉਪਲੱਬਧ ਕਰਵਾਉਣਾ ਸ਼ਾਮਲ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ‘ਤੇ 2.84 ਲੱਖ ਕੁਇੰਟਲ ਕਣਕ ਦੇ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਅਤੇ ਨਵੰਬਰ ਦੇ ਅਖੀਰ ਤੱਕ ਜਾਰੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 33 ਲੱਖ ਏਕੜ ਰਕਬੇ ‘ਤੇ ਕਣਕ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਜੋ ਪਿਛਲੇ ਸਾਲ ਦੇ ਬਰਾਬਰ ਹੈ।
ਖਾਦਾਂ ਦੀ ਸੰਤੁਲਿਤ ਵਰਤੋਂ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਪਨੂੰੂ ਨੇ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਢੁਕਵੀਂ ਵਰਤੋਂ ਦੇ ਲਾਭਾਂ ਬਾਰੇ ਜਾਣਕਾਰੀ ਦੇਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਇੱਕ ਏਕੜ ਵਿੱਚ ਡੀ.ਏ.ਪੀ. ਖਾਦ ਦੀ 1 ਬੋਰੀ ਤੋਂ ਜ਼ਿਆਦਾ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।
ਸ੍ਰੀ ਪਨੂੰ ਨੇ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਸਾੜੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਪਹਿਲੀ ਵਾਰ 13000 ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ ਅਤੇ ਕਿਸਾਨ ਪੂਰੇ ਉਤਸ਼ਾਹ ਨਾਲ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ।