ਨਵੀਂ ਦਿੱਲੀ – ਦੁਨੀਆਂ ਭਰ ਵਿੱਚ ਫ਼ੈਲੀਆਂ ਤਮਾਮ ਜਾਨਲੇਵਾ ਬਿਮਾਰੀਆਂ ਵਿੱਚੋਂ ਇੱਕ ਹੋਰ ਖ਼ਤਰਨਾਕ ਬਿਮਾਰੀ ਹੌਲੀ-ਹੌਲੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਬਿਮਾਰੀ ਦਾ ਨਾਂ ਹੈ ਬਰੇਨ ਸਟ੍ਰੋਕ। ਅੱਜ ਹਾਲਤ ਇਹ ਹੈ ਕਿ ਦੁਨੀਆਂ ਦਾ ਹਰ ਛੇਵਾਂ ਵਿਅਕਤੀ ਕਦੇ ਨਾ ਕਦੇ ਬਰੇਨ ਸਟ੍ਰੋਕ ਦਾ ਸ਼ਿਕਾਰ ਹੋਇਆ ਹੈ, ਅਤੇ 60 ਤੋਂ ਉੱਪਰ ਦੀ ਉਮਰ ਦੇ ਲੋਕਾਂ ‘ਚ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਰੇਨ ਸਟ੍ਰੋਕ ਹੈ। ਇਹ 15 ਤੋਂ 59 ਸਾਲ ਦੀ ਉਮਰ ਵਰਗ ਵਿੱਚ ਮੌਤ ਦਾ ਪੰਜਵਾਂ ਸਭ ਤੋਂ ਵੱਡਾ ਕਾਰਨ ਹੈ। ਮਾਹਿਰਾ ਦੀ ਮੰਨੀਏ ਤਾਂ ਸਟ੍ਰੋਕ ਆਉਣ ਤੋਂ ਬਾਅਦ 70 ਫ਼ੀਸਦੀ ਮਰੀਜ਼ ਆਪਣੀ ਸੁਣਨ ਅਤੇ ਦੇਖਣ ਦੀ ਸਮਰੱਥਾ ਗੁਆ ਦਿੰਦੇ ਹਨ। ਨਾਲ ਹੀ 30 ਫ਼ੀਸਦੀ ਮਰੀਜ਼ਾਂ ਨੂੰ ਦੂਜੇ ਲੋਕਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ। ਆਮ ਤੌਰ ‘ਤੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ‘ਚੋਂ 20 ਫ਼ੀਸਦੀ ਮਰੀਜ਼ਾਂ ਨੂੰ ਸਟ੍ਰੋਕ ਦੀ ਸਮੱਸਿਆ ਹੁੰਦੀ ਹੈ।
ਕਿਵੇਂ ਹੁੰਦਾ ਹੈ ਬਰੇਨ ਸਟ੍ਰੋਕ?
ਮਾਹਿਰਾਂ ਮੁਤਾਬਿਕ, ਦਿਮਾਗ਼ ਦੇ ਕਿਸੇ ਹਿੱਸੇ ਵਿੱਚ ਖ਼ੂਨ ਦੀ ਸਪਲਾਈ ‘ਚ ਰੁਕਾਵਟ ਹੋਣ ਜਾਂ ਗੰਭੀਰ ਰੂਪ ਨਾਲ ਘੱਟ ਹੋਣ ਕਾਰਨ ਬਰੇਨ ਸਟ੍ਰੋਕ ਹੁੰਦਾ ਹੈ। ਇਸ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੋਣਾ ਹੈ ਜਿਸ ਕਾਰਨ ਦਿਮਾਗ਼ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੋਣ ਲੱਗਦੀਆਂ ਹਨ। ਸਮੇਂ ਰਹਿੰਦੇ ਰੋਗੀ ਨੂੰ ਇਲਾਜ ਮਿਲੇ ਤਾਂ ਉਸ ਨੂੰ ਆਮ ਵਰਗੀ ਸਥਿਤੀ ਵਿੱਚ ਲਿਆਂਦਾ ਜਾ ਸਕਦਾ ਹੈ ਨਹੀਂ ਤਾਂ ਮੌਤ ਹੋ ਸਕਦੀ ਹੈ ਜਾਂ ਫ਼ਿਰ ਮਰੀਜ਼ ਅਪਾਹਜ ਹੋ ਸਕਦਾ ਹੈ।
ਬਰੇਨ ਸਟ੍ਰੋਕ ਹੋਣ ਦੇ ਮੁੱਖ ਲੱਛਣ
ਇਸ ਨਾਲ ਪ੍ਰਭਾਵਿਤ ਹੋਣ ‘ਤੇ ਵਿਅਕਤੀ ਦੇ ਸ਼ਰੀਰ ਦਾ ਕੋਈ ਇੱਕ ਹਿੱਸਾ ਸੁੰਨ ਹੋਣ ਲੱਗਦਾ ਹੈ, ਅਤੇ ਉਸ ਵਿੱਚ ਕਮਜ਼ੋਰੀ ਜਾਂ ਲਕਵਾ ਵਰਗੀ ਸਥਿਤੀ ਹੋਣ ਲੱਗਦੀ ਹੈ। ਮਰੀਜ਼ ਨੂੰ ਬੋਲਣ ਵਿੱਚ ਮੁਸ਼ਕਿਲ ਆ ਸਕਦੀ ਹੈ, ਅਤੇ ਉਸ ਦੇ ਚਿਹਰੇ ਦੀਆਂ ਮਾਸ-ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਭਾਰਤ ਵਿੱਚ ਹਰ ਸਾਲ ਬਰੇਨ ਸਟ੍ਰੋਕ ਦੇ ਲੱਗਭਗ 15 ਲੱਖ ਨਵੇਂ ਮਾਮਲੇ ਦਰਜ ਕੀਤੇ ਜਾਂਦੇ ਹਨ, ਅਤੇ ਇਹ ਬੇਵਕਤੀ ਮੌਤ ਅਤੇ ਅਪਾਹਜਪੁਣੇ ਦੀ ਇੱਕ ਵੱਡੀ ਵਜ੍ਹਾ ਬਣਦਾ ਜਾ ਰਿਹਾ ਹੈ। ਇੱਥੇ ਇਹ ਵੀ ਆਪਣੇ ਆਪ ਵਿੱਚ ਪਰੇਸ਼ਾਨ ਕਰਨ ਵਾਲਾ ਤੱਥ ਹੈ ਕਿ ਹਰ 100 ‘ਚੋਂ ਲੱਗਭਗ 25 ਬਰੇਨ ਸਟ੍ਰੋਕ ਰੋਗੀਆਂ ਦੀ ਉਮਰ 40 ਸਾਲ ਤੋਂ ਹੇਠਾਂ ਹੈ। ਇਹ ਹਾਰਟ ਅਟੈਕ ਤੋਂ ਬਾਅਦ ਦੁਨੀਆਂ ਭਰ ਵਿੱਚ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ।
ਬਰੇਨ ਸਟ੍ਰੋਕ ਦਾ ਮੁੱਖ ਕਾਰਨ
ਡਾਕਟਰਾਂ ਮੁਤਾਬਿਕ, ਇਸ ਦੇ ਮੁੱਖ ਕਾਰਨ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਬਲੱਡ ਸ਼ੂਗਰ, ਸ਼ਰਾਬ, ਸਿਗਰਟਨੋਸ਼ੀ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਤੋਂ ਇਲਾਵਾ ਮੋਟਾਪਾ, ਜੰਕ ਫ਼ੂਡ ਦਾ ਸੇਵਨ, ਤਨਾਅ, ਆਦਿ ਹਨ। ਨੌਜਵਾਨ ਰੋਗੀਆਂ ਵਿੱਚ ਇਹ ਸਭ ਤੋਂ ਵੱਧ ਘਾਤਕ ਸਾਬਿਤ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਸਕਦਾ ਹੈ।