ਜੈਕਲਿਨ ਨੇ ਦੱਸੀ ਸਲਮਾਨ ਦੀ ਖ਼ਾਸੀਅਤ
ਅਭਿਨੇਤਰੀ ਜੈਕਲਿਨ ਅਦਾਕਾਰ ਸਲਮਾਨ ਖ਼ਾਨ ਨੂੰ ਆਪਣੇ ਕਰੀਬੀ ਦੋਸਤਾਂ ‘ਚੋਂ ਇੱਕ ਮੰਨਦੀ ਹੈ। ਜੈਕਲਿਨ ਦਾ ਕਹਿਣਾ ਹੈ ਕਿ ਸਲਮਾਨ ਨੇ ਉਸ ਨੂੰ ਹਮੇਸ਼ਾ ਸਹਿਯੋਗ ਦਿੱਤਾ ਹੈ, ਅਤੇ ਜਦੋਂ ਵੀ ਉਸ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀਹੈ ਹੈ ਤਾਂ ਉਹ ਸਲਮਾਨ ਨਾਲ ਇਸ ਬਾਰੇ ਗੱਲਬਾਤ ਕਰਦੀ ਹੈ। ਸਲਮਾਨ ਬਾਰੇ ਜੈਕਲਿਨ ਦਾ ਇਹ ਵੀ ਕਹਿਣਾ ਹੈ, ”ਜੇ ਤੁਸੀਂ ਉਸ ਦੇ ਦੋਸਤ ਹੋ ਤਾਂ ਉਹ ਤੁਹਾਨੂੰ ਜ਼ਿੰਦਗੀ ‘ਚ ਸਭ ਤੋਂ ਜ਼ਿਆਦਾ ਮਹੱਤਤਾ ਦਿੰਦਾ ਹੈ। ਉਹ ਤੁਹਾਡੇ ‘ਤੇ 100 ਫ਼ੀਸਦੀ ਤੋਂ ਵੀ ਵੱਧ ਧਿਆਨ ਦਿੰਦਾ ਹੈ। ਉਹ ਤੁਹਾਡੀ ਛੋਟੀ-ਛੋਟੀ ਗੱਲ ਦਾ ਵੀ ਖ਼ਿਆਲ ਰੱਖਦਾ ਹੈ। ਉਹ ਤੁਹਾਨੂੰ ਲਗਾਤਾਰ ਕਾਲ ਕਰਦਾ ਰਹੇਗਾ, ਪੁੱਛਦਾ ਰਹੇਗਾ ਕਿ ਸਭ ਠੀਕ ਤਾਂ ਹੈ। ਤੁਹਾਡੀ ਸਮੱਸਿਆ ਦਾ ਹਲ ਹੋਇਆ ਜਾਂ ਨਹੀਂ।”
ਜੈਕਲਿਨ ਨੇ ਕਿਹਾ ਕਿ ਉਸ ਨੇ ਅੱਜ ਤਕ ਇੰਡਸਟਰੀ ਤੋਂ ਬਾਹਰ ਵੀ ਕਦੇ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਦੇਖਿਆ ਜੋ ਹਰ ਕਿਸੇ ਦੀ ਇੰਨੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੋਵੇ। ਸਲਮਾਨ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਹਮਣੇ ਵਾਲਾ ਵਿਅਕਤੀ ਸਫ਼ਲ ਹੈ ਕਿ ਨਹੀਂ। ਜੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਉਹ ਉਸ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।
ਜੈਕਲਿਨ ਨੇ ਕਿਹਾ, ”ਜੇ ਮੈਂ ਕੋਈ ਫ਼ਿਲਮ ਕਰ ਰਹੀ ਹੁੰਦੀ ਹਾਂ ਜਾਂ ਕੋਈ ਹੋਰ ਫ਼ੈਸਲਾ ਲੈਣ ਵਾਲੀ ਹੁੰਦੀ ਹਾਂ ਤਾਂ ਮੈਂ ਸਲਮਾਨ ਨੂੰ ਜ਼ਰੂਰ ਦੱਸਦੀ ਹਾਂ ਅਤੇ ਉਸ ਦੀ ਸਲਾਹ ਵੀ ਜ਼ਰੂਰ ਲੈਂਦੀ ਹਾਂ। ਫ਼ਿਰ ਸਲਮਾਨ ਮੈਨੂੰ ਸਲਾਹ ਦਿੰਦਾ ਹੈ ਕਿ ਮੈਨੂੰ ਕਿਸ ਨਾਲ ਮਿਲਣਾ ਚਾਹੀਦਾ ਹੈ ਜਾਂ ਨਹੀਂ ਮਿਲਣਾ ਚਾਹੀਦਾ।” ਇਸ ਸਭ ਦੇ ਨਾਲ ਹੀ ਜੈਕਲਿਨ ਨੇ ਸਲਮਾਨ ਦਾ ਇਹ ਵੀ ਰਾਜ਼ ਖੋਲ੍ਹਿਆ ਕਿ ਸਲਮਾਨ ਉਨ੍ਹਾਂ ਲੋਕਾਂ ਨੂੰ ਬਿਲਕੁਲ ਪੰਸਦ ਨਹੀਂ ਕਰਦਾ ਜੋ ਕਦੇ ਵੀ ਮਿਹਨਤ ਨਹੀਂ ਕਰਦੇ ਅਤੇ ਸਿਰਫ਼ ਉਸ ਦੇ ਨਾਂ ਦੀ ਵਰਤੋਂ ਕਰਨੀ ਚਾਹੁੰਦੇ ਹਨ। ਸਲਮਾਨ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਅਸਲ ‘ਚ ਬਹੁਤ ਮਿਹਨਤ ਕਰ ਰਹੇ ਹੋਣ ਅਤੇ ਉਨ੍ਹਾਂ ਨੂੰ ਮੌਕੇ ਨਾ ਮਿਲਦੇ ਹੋਣ ਕਿਉਂਕਿ ਸਲਮਾਨ ਦਾ ਮੰਨਣਾ ਹੈ ਕਿ ਇਹ ਇੰਡਸਟਰੀ ਆਲਸੀ ਲੋਕਾਂ ਲਈ ਹੈ ਹੀ ਨਹੀਂ। ਇਸ ਲਈ ਉਹ ਵੀ ਅਜਿਹੇ ਲੋਕਾਂ ਨੂੰ ਤੁਰੰਤ ਆਪਣੇ ਤੋਂ ਦੂਰ ਕਰ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਰੇਸ 3 ਦੇ ਇੱਕ ਗੀਤ ਦੀ ਮੇਕਿੰਗ ਦੌਰਾਨ ਜੈਕਲਿਨ ਫ਼ਰਨਾਂਡੀਜ਼ ਪੋਲ ਡਾਂਸ ਕਰਦੇ ਸਮੇਂ ਜ਼ਖ਼ਮੀ ਹੋ ਗਈ ਸੀ। ਅਜਿਹੇ ‘ਚ ਮੇਕਰਜ਼ ਨੂੰ ਲਗਾ ਕਿ ਜੈਕਲਿਨ ਇਸ ਤੋਂ ਬਾਅਦ ਆਰਾਮ ਕਰੇਗੀ, ਪਰ ਉਸ ਨੇ ਬਿਨਾਂ ਸ਼ਿਕਾਇਤ ਸ਼ੂਟਿੰਗ ਜਾਰੀ ਰੱਖੀ। ਰੇਮੋ ਡੀਸੂਜ਼ਾ ਖ਼ਾਸ ਕਰ ਕੇ ਜੈਕਲੀਨ ਦੀ ਇਸ ਗੱਲ ਦੀ ਤਾਰੀਫ਼ ਕਰਦੇ ਨਹੀਂ ਥੱਕਦਾ।