ਮੁੰਬਈ – ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਰਗੇ ਧਾਕੜਾਂ ਦੇ ਹਾਜ਼ਰ ਨਾ ਰਹਿਣ ਕਾਰਨ ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਆਗਾਮੀ ਸੀਰੀਜ਼ ਵਿੱਚ ਜਿੱਤ ਦੀ ਪ੍ਰਬਲ ਦਾਅਵੇਦਾਰ ਦੇ ਰੂਪ ਵਿੱਚ ਸ਼ੁਰੂਆਤ ਕਰੇਗੀ। ਵਿਰਾਟ ਕੋਹਲੀ ਦੀ ਸ਼ਾਨਦਾਰ ਫ਼ੌਰਮ ਤੋਂ ਪ੍ਰਭਾਵਿਤ ਕਾਂਬਲੀ ਨੇ ਭਾਰਤੀ ਕਪਤਾਨ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਦੌੜਾਂ ਦਾ ਭੁੱਖਾ ਹੈ ਅਤੇ ਮੈਦਾਨ ‘ਤੇ ਆਪਣਾ 100 ਫ਼ੀਸਦੀ ਦਿੰਦਾ ਹੈ। ਕਾਂਬਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਸਾਡੀ ਬਹੁਤ ਵੱਡੀ ਸੰਭਾਵਨਾ ਹੈ ਕਿ ਅਸੀਂ ਇਸ ਸੀਰੀਜ਼ ਵਿੱਚ ਜਿੱਤਾਂਗੇ। ਆਸਟਰੇਲੀਆ ਦੇ ਦੋ ਮੁੱਖ ਬੱਲੇਬਾਜ਼ (ਸਮਿਥ, ਵਾਰਨਰ) ਨਹੀਂ ਖੇਡਣਗੇ ਅਤੇ ਇਸ ਦਾ ਸਾਨੂੰ ਪੂਰਾ ਫ਼ਾਇਦਾ ਹੋਣਾ ਚਾਹੀਦਾ ਹੈ।”
ਸਮਿਥ ਅਤੇ ਵਾਰਨਰ ‘ਤੇ ਦੱਖਣੀ ਅਫ਼ਰੀਕਾ ਵਿੱਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਕਾਰਨ ਇੱਕ ਸਾਲ ਦੀ ਪਾਬੰਦੀ ਲੱਗੀ ਹੈ। ਭਾਰਤੀ ਟੀਮ ਇਸ ਮਹੀਨੇ ਆਸਟਰੇਲੀਆ ਦੇ ਲੰਬੇ ਦੌਰੇ ‘ਤੇ ਜਾਵੇਗੀ ਜਿੱਥੇ ਉਹ 3 ਟੀ-20,4 ਟੈੱਸਟ, ਅਤੇ 3 ਵਨ ਡੇ ਮੈਚ ਖੇਡੇਗੀ। ਪਹਿਲਾ ਟੈੱਸਟ ਐਡੀਲੇਡ ਵਿੱਚ 6 ਦਸੰਬਰ ਤੋਂ ਖੇਡਿਆ ਜਾਵੇਗਾ।
ਕਾਂਬਲੀ ਨੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਵੀ ਤਾਰੀਫ਼ ਕੀਤੀ ਜਿਸ ਨੇ ਵਿੰਡੀਜ਼ ਖ਼ਿਲਾਫ਼ ਆਪਣੇ ਕਰੀਅਰ ਦੇ ਪਹਿਲੇ ਟੈੱਸਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਾਂਬਲੀ ਨੇ ਕਿਹਾ, ”ਉਹ ਸਟ੍ਰੋਕ ਪਲੇਅਰ ਹੈ ਅਤੇ ਲਗਾਤਾਰ ਦੌੜਾਂ ਬਣਾਉਣਾ ਪਸੰਦ ਕਰਦਾ ਹੈ। ਅਸਲ ਵਿੱਚ ਉਸ ਨੂੰ ਸ਼ੌਟ ਖੇਡਣਾ ਪਸੰਦ ਹੈ। ਉਸ ਨੂੰ ਇਹੀ ਸਲਾਹ ਹੈ ਕਿ ਆਪਣਾ ਨੈਚੁਰਲ ਖੇਡ ਖੇਡੇ।