ਹਰ ਬੰਦੇ ਵਿਅਕਤੀ ਮਿਹਦੇ ਵਿੱਚ ਕੁਦਰਤ ਵਲੋਂ ਹੀ ਤੇਜ਼ਾਬ (ਹਾਈਡਰੋਕਲੋਰਿਕ ਐਸਿਡ) ਹੁੰਦਾ ਹੈ ਜੋ ਭੋਜਨ ਦੀ ਪਾਚਨ ਕਿਰਿਆ ਲਈ ਸਹਾਈ ਹੁੰਦਾ ਹੈ। ਅਲਸਰ ਅਤੇ ਬਾਅਦ ਵਿੱਚ ਕੈਂਸਰ ਹੋਣ ਵਿੱਚ ਇੱਕ ਜੀਵਾਣੂ ਹੈਲੀਕੋਬੈਕਟਰ ਪਾਇਲੋਰੀ ਦੀ ਭੂਮਿਕਾ ਸਿੱਧ ਹੋ ਚੁਕੀ ਹੈ। ਇਹ ਜੀਵਾਣੂ ਇੱਕ ਤੋਂ ਦੂਜੇ ਬੰਦੇ ਤਕ ਭੋਜਨ ਜਾਂ ਮੂੰਹ ਰਸਤੇ ਜਾਂ ਚੁੰਮਣ ਨਾਲ ਫ਼ੈਲਦਾ ਹੈ। ਮਨੋ-ਵਿਗਿਆਨਕ ਤਨਾਅ, ਪਰਿਵਾਰਕ ਪਿੱਠਭੂਮੀ, ਐਸਪ੍ਰੀਨ ਵਰਗੀਆਂ ਦਵਾਈਆਂ, ਸਿਗਰਟਨੋਸ਼ੀ, ਆਦਿ, ਦੂਸਰੇ ਕਾਰਨ ਇਸ ਇਨਫ਼ੈਕਸ਼ਨ ਨੂੰ ਹੋਰ ਸ਼ਹਿ ਦਿੰਦੇ ਹਨ ਅਤੇ ਤੇਜ਼ਾਬ ਜ਼ਿਆਦਾ ਬਣਨ ਲਗਦਾ ਹੈ ਜਿਸ ਨਾਲ ਮਿਹਦੇ ਜਾਂ ਡਿਓਡਿਨਮ ਦੇ ਅੰਦਰ ਜ਼ਖ਼ਮ ਹੋ ਜਾਂਦੇ ਹਨ।
ਲੱਛਣ
ਸ਼ੁਰੂ ਸ਼ੁਰੂ ਵਿੱਚ ਤਾਂ ਕੋਈ ਖਾਸ ਤਕਲੀਫ਼ ਨਹੀਂ ਹੁੰਦੀ, ਇਸ ਕਰ ਕੇ ਪਤਾ ਵੀ ਨਹੀਂ ਲਗਦਾ, ਪਰ ਜਦ ਜ਼ਿਆਦਾ ਤਕਲੀਫ਼ ਵੱਧ ਜਾਵੇ ਤਾਂ ਇਹ ਲਛੱਣ ਹੁੰਦੇ ਹਨ:
ਪੇਟ ਵਿੱਚ ਦਰਦ: ਅਸਲ ਵਿੱਚ ਸਾੜ ਪੈਂਦਾ ਹੈ ਜੋ ਵੱਧ ਕੇ ਦਰਦ ਬਣ ਜਾਂਦਾ ਹੈ। ਇਹ ਉੱਪਰ ਕਰ ਕੇ ਪੇਟ ਦੇ ਬਿਲਕੁਲ ਵਿਚਕਾਰ, ਪਸਲੀਆਂ ਦੇ ਹੇਠਾਂ (ਦੋਹਾਂ ਨਿੱਪਲਾਂ ਦੇ ਕੇਂਦਰ ਤੋਂ ਲੈ ਕੇ ਧੁੰਨੀ ਤਕ ਕਿਤੇ ਵੀ) ਮਹਿਸੂਸ ਹੁੰਦਾ ਹੈ ਜੋ ਥੋੜ੍ਹਾ ਖੱਬੇ ਪਾਸੇ ਨੂੰ ਵੀ ਹੋ ਸਕਦਾ ਹੈ ਅਤੇ ਭੋਜਨ ਤੋਂ ਦੋ ਢਾਈ ਘੰਟੇ ਬਾਅਦ ਹੁੰਦਾ ਹੈ।
ਬਦਹਜ਼ਮੀ: ਛਾਤੀ ਵਿੱਚ ਸਾੜ ਦੇ ਨਾਲ ਨਾਲ ਬਦਹਜ਼ਮੀ, ਖੱਟੇ ਡਕਾਰ, ਹਿਚਕੀ, ਬੇਚੈਨੀ, ਜੀਅ ਕੱਚਾ ਹੋਣਾ, ਕਦੀ ਉਲਟੀ ਵੀ। ਸਾਦਾ ਪਾਣੀ ਦੇ ਗਿਲਾਸ ਨਾਲ ਜਾਂ ਐਂਟੀ-ਐਸਿਡ ਦਵਾਈ ਨਾਲ ਕੁੱਝ ਰਾਹਤ ਮਿਲਦੀ ਹੈ।
ਹੋਰ ਲੱਛਣ: ਪੇਟ ਫ਼ੁੱਲਿਆ ਫ਼ੁੱਲਿਆ ਮਹਿਸੂਸ ਹੁੰਦਾ ਰਹਿਣਾ, ਮੂੰਹ ਵਿੱਚ ਪਾਣੀ ਆਉਣਾ, ਪਿੱਠ ਦਰਦ, ਕਮਜ਼ੋਰੀ, ਭਾਰ ਘੱਟ ਜਾਣਾ, ਉਲਟੀ ਅਤੇ ਕਦੀ ਖਖੂਨ ਦੀ ਉਲਟੀ (ਜੋ ਗੰਭੀਰ ਹੁੰਦੀ ਹੈ)।
ਜਾਂਚ: ਆਪਣੇ ਡਾਕਟਰ ਨੂੰ ਉਨ੍ਹਾਂ ਸਾਰੀਆਂ ਦਵਾਈਆਂ ਬਾਰੇ ਦੱਸੋ ਜੋ ਤੁਸੀਂ ਖਾ ਰਹੇ ਹੋ ਜਾਂ ਖਾਂਦੇ ਰਹੇ ਹੋ ਜਿਵੇਂ ਨਸੈਡ ਦਵਾਈਆਂ (ਐਸਪ੍ਰੀਨ, ਇਬੂਗੈਸਿਕ, ਇਬੂਬਰੂਫ਼ੇਨ ਆਦਿ)।
ਐਕਸ-ਰੇ: ਮੂੰਹ ਰਸਤੇ ਦਵਾਈ ਪਿਆ ਕੇ ਸਪੈਸ਼ਲ ਐੱਕਸ-ਰੇ, ਜਿਸ ਨੂੰ ਬੇਰੀਅਮ ਮੀਲ ਕਹਿੰਦੇ ਹਨ, ਕਰਨ ਦੀ ਲੋੜ ਪੈਂਦੀ ਹੈ ਜਿਸ ਨਾਲ ਅਲਸਰ (ਜਾਂ ਕੈਂਸਰ ਜੇ ਉਤਪੰਨ ਹੋ ਗਿਆ ਹੋਵੇ) ਬਾਰੇ ਪਤਾ ਲੱਗ ਜਾਂਦਾ ਹੈ, ਪਰ ਪੱਕਾ ਟੈੱਸਟ ਬਾਇਓਪਸੀਦੀ ਖੁਰਦਬੀਨੀ ਜਾਂਚ ਹੀ ਹੁੰਦਾ ਹੈ।
ਐਨਡੋਸਕੋਪੀ: ਮੂੰਹ ਰਸਤੇ ਦੂਰਬੀਨ (ਜਿਸ ਨਾਲ ਕੈਮਰਾ ਫ਼ਿੱਟ ਹੁੰਦਾ ਹੈ) ਪਾ ਕੇ ਜਾਂਚ ਕਰਨੀ ਪੈਂਦੀ ਹੈ। ਲੋੜ ਹੋਵੇ ਤਾਂ ਇਸੇ ਰਾਹੀਂ ਮਾਸ ਦਾ ਟੁਕੜਾ (ਬਾਇਓਪਸੀ) ਟੈੱਸਟ ਵੀ ਲਿਆ ਜਾਂਦਾ ਹੈ।
ਹੈਲੀਕੋਬੈਕਟਰ ਪਾਇਲੋਰੀ ਜੀਵਾਣੂ ਦੇ ਟੈੱਸਟ ਵਾਸਤੇ ਖ਼ੂਨ ਜਾਂ ਟੱਟੀ ਟੈੱਸਟ ਦੀ ਲੋੜ ਪੈਂਦੀ ਹੈ।
ਐਮਰਜੈਂਸੀ ਕਿਵੇਂ ਪੈਂਦੀ ਹੈ: ਪੇਟ ਵਿੱਚ ਅਚਾਨਕ ਬਹੁਤ ਤੇਜ਼ ਅਤੇ ਨਾ ਜਰੀ ਜਾਣ ਵਾਲੀ ਪੀੜ ਜਿਸ ਨੂੰ ਸੂਲ ਉੱਠਣਾ ਵੀ ਕਿਹਾ ਜਾਂਦਾ ਹੈ। ਇਹ ਅਲਸਰ ਦੇ ਫ਼ਟਣ ਕਾਰਨ ਹੋ ਸਕਦਾ ਹੈ। ਇਸ ਦਾ ਇਲਾਜ ਫ਼ੌਰੀ ਤੌਰ ‘ਤੇ ਹਸਪਤਾਲ ਵਿੱਚ ਕਰਵਾਉਣਾ ਪੈਂਦਾ ਹੈ; ਟੱਟੀ ਰਸਤੇ ਖ਼ੂਨ, ਇਹ ਖ਼ੂਨ ਤਾਜ਼ਾ ਨਹੀਂ ਹੁੰਦਾ ਬਲਕਿ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ (ਉੱਪਰ ਮਿਹਦੇ ‘ਚੋਂ ਨਿਕਲ ਕੇ ਹੇਠਾਂ ਪੁੱਜਦਿਆਂ ਪੁੱਜਦਿਆਂ ਖ਼ੂਨ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ)। ਜੇ ਰੋਗੀ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਜਾਵੇ ਤਾਂ ਖ਼ੂਨ ਦੀ ਉਲਟੀ ਹੋ ਸਕਦੀ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ। ਕਈ ਵਾਰ ਦੂਰ-ਦੁਰਾਡੇ ਥਾਵਾਂ ‘ਤੇ ਰਹਿੰਦੇ ਲੋਕ ਚੇਤਨਾ ਦੀ ਕਮੀ ਕਾਰਨ ਓੜ੍ਹ-ਪੋੜ੍ਹ ਕਰਦੇ ਰਹਿੰਦੇ ਹਨ ਅਤੇ ਬੰਦਾ ਗਵਾ ਬਹਿੰਦੇ ਹਨ।
ਸੁਝਾਅ: ਤੇਜ਼ਾਬੀਪਨ ਦੂਰ ਕਰਨ ਕਈ ਵਰਤੀਆਂ ਜਾਣ ਵਾਲੀਆਂ ਦਵਾਈਆਂ (ਐਂਟਐਸਿਡਜ਼), ਆਮ ਕਰ ਕੇ ਸੌਣ ਤੋਂ ਪਹਿਲਾਂ, ਭੋਜਨ ਤੋਂ ਇੱਕ ਅਤੇ ਤਿੰਨ ਘੰਟੇ ਬਾਅਦ ਲੈਣੀਆਂ ਚਾਹੀਦੀਆਂ ਹਨ। ਫ਼ਿਰ ਵੀ ਆਪਣੇ ਡਾਕਟਰ ਦੀ ਸਲਾਹ ਨਾਲ ਮਿਥੀ ਹੋਈ ਖ਼ੁਰਾਕ, ਮਿਥੇ ਸਮੇਂ ‘ਤੇ ਅਤੇ ਵਕਫ਼ੇ ਨਾਲ ਹੀ ਲਓ। ਇਸ ਤਰ੍ਹਾਂ ਕਰਨ ਨਾਲ ਤੇਜ਼ਾਬੀਪਨ ਘੱਟ ਪੱਧਰ ‘ਤੇ ਰਹਿੰਦਾ ਹੈ। ਦੁੱਧ ਨਾਲ ਭਾਵੇਂ ਤੇਜ਼ਾਬੀਪਨ ਘਟਦਾ ਹੈ ਫ਼ਿਰ ਵੀ ਦੁੱਧ ਜਾਂ ਮਲਾਈ ਨੂੰ ਐਂਟਐਸਿਡਜ਼ ਦੀ ਜਗ੍ਹਾ ਨਹੀਂ ਵਰਤਣਾ ਚਾਹੀਦਾ। ਘੰਟੇ ਘੰਟੇ ਬਾਅਦ ਥੋੜ੍ਹਾ ਥੋੜ੍ਹਾ ਦੁੱਧ ਪੀਣਾ ਐਸੇ ਰੋਗੀਆਂ ਵਾਸਤੇ ਲਾਹੇਵੰਦਾ ਰਹਿੰਦਾ ਹੈ।
ਜਿਹੜੇ ਲੋਕ ਸਮਝਦੇ ਹਨ ਕਿ ਚਾਹ ਤੋਂ ਬਿਨਾਂ ਸਰਦਾ ਹੀ ਨਹੀਂ, ਉਹ ਘੱਟ ਪੱਤੀ ਅਤੇ ਵਧੇਰੇ ਦੁੱਧ ਵਾਲੀ ਥੋੜ੍ਹੀ ਥੋੜ੍ਹੀ ਚਾਹ ਪੀ ਵੀ ਲੈਣ ਤਾਂ ਕੋਈ ਗੱਲ ਨਹੀਂ ਹਾਂ ਪਰ ਜੇ ਇਸ ਨਾਲ ਤਕਲੀਫ਼ ਵਧਦੀ ਹੋਵੇ ਤਾਂ ਬਿਲਕੁਲ ਨਹੀਂ।

ਅਲਸਰ ਵਾਲਿਆਂ ਲਈ ਆਹਾਰ ਜਾਂ ਭੋਜਨ ਵਿੱਚ ਤਬਦੀਲੀ:
1) ਦਿਨ ਵਿੱਚ ਤਿੰਨ ਵਾਰ ਖਾਣਾ ਅਤੇ ਉਨ੍ਹਾਂ ਵਿਚਕਾਰ ਸਨੈਕਸ, ਇਨ੍ਹਾਂ ਦੇ ਦਰਮਿਆਨ ਵਕਫ਼ਾ, ਬਰਾਬਰ ਸਮੇਂ ਦਾ ਹੋਵੇ।
2) ਨਾ ਹੀ ਖ਼ਾਲੀ ਪੇਟ ਰਹੋ ਅਤੇ ਨਾ ਹੀ ਲੋੜ ਤੋਂ ਵੱਧ ਖਾ ਕੇ ਮਿਹਦੇ (ਪੇਟ) ਨੂੰ ਤੰਗ ਕਰੋ।
3) ਹੌਲੀ ਹੌਲੀ ਚੰਗੀ ਤਰ੍ਹਾਂ ਚਿੱਥ ਕੇ ਖਾਣਾ ਖਾਓ।
4) ਆਰਾਮ ਨਾਲ ਖਾਓ ਅਤੇ ਖਾਣ ਵੇਲੇ ਕੋਈ ਤਨਾਅ ਨਾ ਰੱਖੋ।
5) ਚੌਂਕੜੀ ਮਾਰ ਕੇ ਜਾਂ ਡਾਇਨਿੰਗ ਟੇਬਲ ‘ਤੇ ਆਰਾਮ ਨਾਲ ਖਾਓ ਅਤੇ ਕੁੱਝ ਦੇਰ ਬਾਅਦ ਵੀ ਬੈਠੇ ਰਹੋ।
6) ਸੌਣ ਤੋਂ ਦੋ-ਢਾਈ ਘੰਟੇ ਪਹਿਲਾਂ ਭੋਜਨ ਖਾਣਾ ਨਿਯਮਤ ਕਰੋ। ਸੌਣ ਤੋਂ ਪਹਿਲਾਂ ਕੋਈ ਸਨੈਕਸ ਨਾ ਲਵੋ, ਇਨ੍ਹਾਂ ਨਾਲ ਰਾਤ ਸੁੱਤੇ ਪਿਆਂ ਮਿਹਦੇ ਵਿੱਚ ਤੇਜ਼ਾਬ ਬਣੇਗਾ।
7) ਕੌਫ਼ੀ, ਸੰਤਰੇ ਜਾਂ ਨਿੰਬੂ ਦਾ ਰਸ, ਟਮਾਟਰ ਦੀ ਸੌਸ ਅਤੇ ਚਾਕਲੇਟ ਵਗੈਰਾ ਜੇ ਤੇਜ਼ਾਬੀਪਨ ਵਧਾਉਂਦੇ ਹਨ ਤਾਂ ਇਹ ਬੰਦ ਜਾਂ ਘੱਟ ਕਰ ਦਿਓ।
8) ਹਰ ਭੋਜਨ ਸੰਤੁਲਤ ਆਹਾਰ ਹੋਵੇ ਜਿਸ ਵਿੱਚ ਪ੍ਰੋਟੀਨ ਵਗੈਰਾ ਹੋਣ।
ਹੈਲੀਕੋਬੈਕਟਰ ਪਾਇਲੋਰੀ ਜੀਵਾਣੂ ਤੋਂ ਬਚਾਅ ਦੇ ਤਰੀਕੇ: ਪੱਕਾ ਤਰੀਕਾ ਭਾਵੇਂ ਕੋਈ ਖ਼ਾਸ ਨਹੀਂ ਫ਼ਿਰ ਵੀ ਖੋਜੀ ਸਾਇੰਸਦਾਨ ਇਸ ਬਾਰੇ ਕੋਈ ਵੈਕਸੀਨ ਲਭੱਣ ਵਿੱਚ ਲੱਗੇ ਹੋਏ ਹਨ; ਫ਼ਿਰ ਵੀ ਕਝ ਸੁਝਾਅ ਇਸ ਪ੍ਰਕਾਰ ਹਨ:
ੰ ਭੋਜਨ ਛਕਣ ਤੋਂ ਪਹਿਲਾਂ ਅਤੇ ਗੁਸਲਖ਼ਾਨੇ ‘ਚੋਂ ਆਉਣ ਤੋਂ ਬਾਅਦ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਵੋ।
ੰ ਚੰਗੀ ਤਰ੍ਹਾਂ ਸਾਫ਼ ਕੀਤੀਆਂ ਹੋਈਆਂ ਹਰੀਆਂ ਸਬਜ਼ੀਆਂ ਅਤੇ ਸਲਾਦ ਅਤੇ ਪੂਰੀ ਤਰ੍ਹਾਂ ਪਕਾਇਆ ਹੋਇਆ ਖਾਣਾ ਛਕੋ।
ੰ ਪੀਣ ਵਾਲਾ ਪਾਣੀ, ਸਾਫ਼ ਅਤੇ ਸੁਰੱਖਿਅਤ ਸੋਮੇ ਤੋਂ ਹੋਵੇ।
ਚਿਤਾਵਨੀ: ਮਰੀਜ਼ਾਂ ਨੂੰ ਇਹ ਚਿਤਾਵਨੀ ਦੇਣੀ ਬਣਦੀ ਹੈ ਕਿ ਅੱਗੇ ਲਿੱਖੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਬੰਦ ਕਰ ਦੇਣ: ਨਸੈਡ (ਐਸਪ੍ਰੀਨ ਆਦਿ), ਸ਼ਰਾਬ, ਤੰਬਾਕੂ (ਕਿਸੇ ਵੀ ਸ਼ਕਲ ਵਿੱਚ ਹੋਵੇ – ਸਿਗਰਿਟ, ਬੀੜੀ, ਜ਼ਰਦਾ ਆਦਿ), ਸਟਰੌਂਗ ਕੌਫ਼ੀ/ਚਾਹ ਅਤੇ ਗੈਸ ਵਾਲੀਆਂ ਕੋਲਡ ਡਰਿੰਕਸ। ਮੋਟਾਪੇ ਦਾ ਵੀ ਅਲਸਰ ਨਾਲ ਸਬੰਧ ਹੈ, ਇਸ ਲਈ ਭਾਰ ਕੰਟਰੋਲ ਵਿੱਚ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਕਈ ਵਾਰ ਦਿਲ ਦੇ ਦੌਰੇ ਜਾਂ ਐਕਿਊਟਪੈਂਕਰੀਏਟਾਇਟਸ ਦੀ ਦਰਦ ਵੀ ਇਸੇ ਥਾਂ ‘ਤੇ ਇਵੇਂ ਹੀ ਹੁੰਦੀ ਹੈ। ਇਸ ਲਈ ਬਿਨਾਂ ਦੇਰੀ ਦੇ ਹਸਪਤਾਲ ਜਾ ਕੇ ਮੁਆਇਨਾ/ਇਲਾਜ ਕਰਵਾਉਣਾ ਚਾਹੀਦਾ ਹੈ।

ਸੰਪਰਕ: 83508-00237