ਨਾਨਖਤਾਈ ਅਕਸਰ ਅਵਨ ‘ਚ ਬਣਾਈ ਜਾਂਦੀ ਹੈ, ਪਰ ਤੁਸੀਂ ਇਸ ਨੂੰ ਗੈਸ ‘ਤੇ ਕਿਸੇ ਭਾਰੇ ਥੱਲੇ ਵਾਲੇ ਬਰਤਨ ਜਾਂ ਕੁਕਰ ‘ਚ ਵੀ ਬਣਾ ਸਕਦੇ ਹੋ।
ਸਮੱਗਰੀ
ਇੱਕ ਕੱਪ ਵੇਸਣ, ਅੱਧਾ ਕੱਪ ਬੂਰਾ ਖੰਡ, ਅੱਧਾ ਕੱਪ ਦੇਸੀ ਘਿਓ ਜਾਂ ਬਨਸਪਤੀ ਘਿਓ, ਅੱਧਾ ਛੋਟਾ ਚੱਮਚ ਬੇਕਿੰਗ ਪਾਊਡਰ, 4-5 ਛੋਟੀਆਂ ਇਲਾਇਚੀਆਂ, 4-5 ਪਿਸਤੇ
ਵਿਧੀ
ਛੋਟੀ ਇਲਾਇਚੀ ਨੂੰ ਛਿਲ ਕੇ ਕੁੱਟ ਕੇ ਇਸ ਦਾ ਪਾਊਡਰ ਬਣਾ ਲਓ। ਪਿਸਤੇ ਨੂੰ ਪਤਲਾ-ਪਤਲਾ ਬਾਰੀਕ ਕੱਟ ਲਓ ਅਤੇ ਘਿਓ ਨੂੰ ਪਿਘਲਾ ਲਓ।
ਵੇਸਣ ਅਤੇ ਖੰਡ ਨੂੰ ਮਿਕਸ ਕਰ ਕੇ ਇਸ ਵਿੱਚ ਬੇਕਿੰਗ ਪਾਊਡਰ ਅਤੇ ਛੋਟੀ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਪਿਘਲੇ ਘਿਓ ‘ਚੋਂ 2-3 ਚੱਮਚ ਵੱਖਰੇ ਬਰਤਨ ਵਿੱਚ ਕੱਢ ਕੇ ਬਾਕੀ ਵੇਸਣ ਦੇ ਮਿਸ਼ਰਣ ‘ਚ ਪਾਓ ਅਤੇ ਹੱਥ ਨਾਲ ਚੰਗੀ ਤਰ੍ਹਾਂ ਰਲਾਉਂਦਿਆਂ ਨਰਮ ਆਟੇ ਵਾਂਗ ਗੁੰਨ੍ਹ ਲਓ। ਭਾਰੇ ਅਤੇ ਸਮਤਲ ਤਲੇ ਵਾਲਾ ਬਰਤਨ ਗੈਸ ‘ਤੇ ਰੱਖੋ ਅਤੇ ਇਸ ਵਿੱਚ 300-400 ਗ੍ਰਾਮ ਨਮਕ ਪਾ ਕੇ ਤਲੇ ‘ਚ ਇੱਕੋ ਜਿਹਾ ਫ਼ੈਲਾ ਦਿਓ।
ਵਿਚਾਲੇ ਇੱਕ ਜਾਲੀ ਸਟੈਂਡ ਰੱਖੋ ਜਿਸ ਉੱਪਰ ਨਾਨਖਤਾਈ ਦੀ ਪਲੇਟ ਰੱਖੋ ਅਤੇ ਮੱਧਮ ਸੇਕ ‘ਤੇ ਬਰਤਨ ਨੂੰ ਢਕ ਕੇ ਗਰਮ ਹੋਣ ਦਿਓ। ਜਦੋਂ ਤਕ ਬਰਤਨ ਚੰਗੀ ਤਰ੍ਹਾਂ ਗਰਮ ਹੋਵੇ, ਓਦੋਂ ਤਕ ਨਾਨਖਤਾਈ ਬਣਾ ਕੇ ਪਲੇਟ ਵਿੱਚ ਰੱਖ ਲਓ। ਪਲੇਟ ਨੂੰ ਚਾਰੇ ਪਾਸੇ ਘਿਓ ਲਗਾ ਕੇ ਥਿੰਦਾ ਕਰ ਲਓ ਅਤੇ ਨਾਨਖਤਾਈ ਦੇ ਪੇੜਿਆਂ ਨੂੰ ਤਲੀ ਨਾਲ ਪੋਲਾ ਜਿਹਾ ਦਬਾ ਕੇ ਚਪਟਾ ਕਰਦਿਆਂ ਟ੍ਰੇਅ ‘ਚ ਰੱਖਦੇ ਜਾਓ। ਜਦੋਂ ਟ੍ਰੇਅ ਜਾਂ ਪਲੇਟ ਪੂਰੀ ਤਰ੍ਹਾਂ ਭਰ ਜਾਏ ਤਾਂ ਉਸ ਨੂੰ ਗਰਮ ਹੋ ਚੁੱਕੇ ਬਰਤਨ ‘ਚ ਜਾਲੀ ਸਟੈਂਡ ਦੇ ਉੱਪਰ ਰੱਖ ਕੇ ਬਰਤਨ ਨੂੰ ਉੱਪਰੋਂ ਚੰਗੀ ਤਰ੍ਹਾਂ ਢੱਕ ਦਿਓ।
ਮੱਧਮ ਸੇਕ ‘ਤੇ ਨਾਨਖਤਾਈ ਨੂੰ 15 ਮਿੰਟਾਂ ਤਕ ਬੇਕ ਹੋਣ ਦਿਓ ਅਤੇ 15 ਮਿੰਟਾਂ ਪਿੱਛੋਂ ਨਾਨਖਤਾਈ ਨੂੰ ਚੈੱਕ ਕਰੋ। ਨਾਨਖਤਾਈ ਚੰਗੀ ਤਰ੍ਹਾਂ ਫ਼ੁੱਲ ਗਈ ਹੈ ਅਤੇ ਹੇਠਲੇ ਪਾਸਿਓਂ ਹਲਕੀ ਜਿਹੀ ਬ੍ਰਾਊਨ ਹੋ ਗਈ ਹੈ ਤਾਂ ਉਹ ਬੇਕ ਹੋ ਗਈ ਹੈ। ਜੇਕਰ ਉਹ ਹੇਠਲੇ ਪਾਸਿਓਂ ਬਿਲਕੁਲ ਵੀ ਬ੍ਰਾਊਨ ਨਹੀਂ ਹੋਈ ਤਾਂ ਉਸ ਨੂੰ 3-4 ਮਿੰਟਾਂ ਲਈ ਮੱਧਮ ਸੇਕ ‘ਤੇ ਹੋਰ ਬੇਕ ਹੋਣ ਦਿਓ ਅਤੇ ਦੁਬਾਰਾ ਚੈੱਕ ਕਰੋ। ਨਾਨਖਤਾਈ ਨੂੰ ਬੇਕ ਹੋਣ ‘ਚ 15 ਤੋਂ 20 ਮਿੰਟ ਲੱਗ ਜਾਂਦੇ ਹਨ। ਨਾਨਖਤਾਈ ਠੰਡੀ ਹੋਣ ਤੋਂ ਬਾਅਦ ਪਲੇਟ ‘ਚ ਕੱਢ ਕੇ ਕਿਸੇ ਦੂਜੀ ਪਲੇਟ ‘ਚ ਰੱਖ ਲਓ ਅਤੇ ਪੂਰੀ ਤਰ੍ਹਾਂ ਠੰਡੀ ਹੋਣ ਪਿੱਛੋਂ ਇਨ੍ਹਾਂ ਨੂੰ ਏਅਰ ਟਾਈਟ ਕੰਟੇਨਰ ‘ਚ ਭਰ ਕੇ ਰੱਖ ਦਿਓ॥