ਇਸਲਾਮਾਬਾਦ— ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ‘ਤੇ ਪਾਕਿਸਤਾਨ ਗਏ ਹੋਏ ਹਨ। ਇਸਲਾਮਾਬਾਦ ‘ਚ ਹੋ ਰਹੇ ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਸਿੱਧੂ ਫਰੰਟ ਲਾਈਨ ‘ਚ ਬੈਠੇ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਇਮਰਾਨ ਖਾਨ ਦੀਆਂ ਸਿਫਤਾਂ ਦੀ ਝੜੀ ਲਗਾ ਦਿੱਤੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਤਿਹਾਸਕ ਪਲਾਂ ‘ਚ ਸ਼ਾਮਲ ਹੋਣ ਦਾ ਉਨ੍ਹਾਂ ਨੂੰ ਸੱਦਾ ਮਿਲਿਆ ਹੈ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਮਰਾਨ ਖਾਨ ਦੀਆਂ ਸਿਫਤਾਂ ਦੇ ਕਸੀਦੇ ਪੜ੍ਹਦੇ ਹੋਏ ਕਿਹਾ— ”ਹੈ ਸਮਯ ਨਦੀ ਕੀ ਬਾੜ ਕਿ ਅਕਸਰ ਸਬ ਬਹਿ ਜਾਇਆ ਕਰਤੇ ਹੈਂ,
ਹੈ ਸਮਯ ਬੜਾ ਤੂਫਾਨ ਪ੍ਰਬਲ ਪਰਬਤ ਭੀ ਝੁਕ ਜਾਇਆ ਕਰਤੇ ਹੈਂ,
ਅਕਸਰ ਦੁਨੀਆ ਕੇ ਲੋਗ ਸਮਯ ਮੇਂ ਚੱਕਰ ਖਾਇਆ ਕਰਤੇ ਹੈਂ,
ਪਰ ਕੁਛ ਖਾਨ ਸਾਹਿਬ ਜੈਸੇ ਭੀ ਹੋਤੇ ਹੈਂ ਜੋ ਇਤਿਹਾਸ ਬਨਾਇਆ ਕਰਤੇ ਹੈਂ।”
ਉਨ੍ਹਾਂ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਹੀ ਕਿਹਾ ਕਿ ਜੋੜਨ ਵਾਲਿਆਂ ਨੂੰ ਮਾਣ ਮਿਲਦੈ ਤੇ ਤੋੜਨ ਵਾਲਿਆਂ ਨੂੰ ਅਪਮਾਨ। ਅਸੀਂ ਜੋੜਨ ਵਾਲਿਆਂ ‘ਚੋਂ ਹਾਂ। ਉਨ੍ਹਾਂ ਖਾਨ ਦੇ ਗਰਾਊਂਡ ‘ਚ ਉਤਰਨ ਦੀ ਗੱਲ ਵੀ ਯਾਦ ਕੀਤੀ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇਕੋ-ਇਕ ਭਾਰਤੀ ਹਨ ਜੋ ਪਾਕਿਸਤਾਨ ਪੁੱਜੇ ਹਨ। ਇਮਰਾਨ ਖਾਨ ਵਲੋਂ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਵੀ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਖੁਸ਼ ਹੋ ਕੇ ਮੁਲਾਕਾਤ ਕੀਤੀ। ਪਾਕਿਸਤਾਨੀ ਮੀਡੀਆ ਵਲੋਂ ਵੀ ਸਿੱਧੂ ਦੀ ਸਿਫਤ ਕੀਤੀ ਜਾ ਰਹੀ ਹੈ। ਸਿੱਧੂ 15 ਦਿਨਾਂ ਦੇ ਵੀਜ਼ੇ ‘ਤੇ ਪਾਕਿਸਤਾਨ ਗਏ ਹੋਏ ਹਨ।