ਨਵੀਂ ਦਿੱਲੀ— ਪਾਕਿਸਤਾਨ ‘ਚ ਭਾਵੇਂ ਨਵੀਂ ਸਰਕਾਰ ਬਣਨ ਵਾਲੀ ਹੈ ਪਰ ਅੱਤਵਾਦ ਨੂੰ ਲੈ ਕੇ ਉਸ ਦੀਆਂ ਨੀਤੀਆਂ ‘ਚ ਤਬਦੀਲੀਆਂ ਦੇ ਸੰਕੇਤ ਨਹੀਂ ਨਜ਼ਰ ਆ ਰਹੇ। ਜਿਥੇ ਇਮਰਾਨ ਖਾਨ 14 ਅਗਸਤ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ, ਉਥੇ ਭਾਰਤੀ ਖੁਫੀਆ ਏਜੰਸੀਆਂ ਨੇ ਚੌਕਸ ਕੀਤਾ ਹੈ ਕਿ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਪਾਕਿਸਤਾਨੀ ਅੱਤਵਾਦੀ ਭਾਰਤੀ ਫੌਜ ਦੇ ਕੈਂਪਾਂ ‘ਤੇ ਵੱਡੇ ਹਮਲੇ ਕਰ ਸਕਦੇ ਹਨ। ਇਸ ਸਬੰਧੀ ਉਨ੍ਹਾਂ ਵਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਮਲਟੀ ਏਜੰਸੀ ਕੋਆਰਡੀਨੇਸ਼ਨ ਸੈਂਟਰ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਇਹ ਹਮਲਾ 15 ਅਗਸਤ ਨੂੰ ਹੋ ਸਕਦਾ ਹੈ। ਲਸ਼ਕਰ ਅਤੇ ਜੈਸ਼ ਦੇ 20 ਤੋਂ ਵੱਧ ਅੱਤਵਾਦੀ ਇਸ ਹਮਲੇ ਲਈ ਤਿਆਰ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਜੈਸ਼ ‘ਤੇ ਪੂਰਾ ਭਰੋਸਾ ਹੈ। ਕੁਝ ਅੱਤਵਾਦੀਆਂ ਵਲੋਂ ਸਰਹੱਦ ਪਾਰ ਕਰ ਕੇ ਭਾਰਤ ਪਹੁੰਚਣ ਦੀ ਖਬਰ ਹੈ। ਉਹ ਰੇਕੀ ਕਰ ਰਹੇ ਹਨ। ਜੈਸ਼ ਦੇ ਅੱਤਵਾਦੀਆਂ ਨੂੰ ਬਾਰਾਮੂਲਾ ਵਿਖੇ ਹਮਲੇ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਨੂੰ ਪੱਟਨ ਅਤੇ ਬਾਰਾਮੂਲਾ ਟਾਊਨ ਦਰਮਿਆਨ ਇਲਾਕੇ ਵਿਚ ਹਮਲਾ ਕਰਨ ਲਈ ਕਿਹਾ ਗਿਆ ਹੈ। ਉਕਤ ਅੱਤਵਾਦੀ ਜੰਮੂ-ਕਸ਼ਮੀਰ ਦੇ ਇਕ ਸਥਾਨਕ ਵਿਅਕਤੀ ਦੀ ਇਸ ਮੰਤਵ ਲਈ ਮਦਦ ਲੈ ਰਹੇ ਹਨ। ਪੁੰਛ ਅਤੇ ਰਾਜੌਰੀ ਵਿਖੇ ਵੀ ਘੁਸਪੈਠ ਜਾਂ ਹਮਲਾ ਹੋਣ ਦਾ ਡਰ ਹੈ।