ਜਲੰਧਰ —ਉੱਤਰੀ ਖੇਤਰ ਦੇ ਸਾਬਕਾ ਕੌਂਸਲਰ ਕੇ. ਡੀ. ਭੰਡਾਰੀ ਨੇ ਮੇਅਰ ਜਗਦੀਸ਼ ਰਾਜਾ ਨਾਲ ਮੁਲਾਕਾਤ ਕਰ ਕੇ ਉੱਤਰੀ ਖੇਤਰ ਵਿਚ ਸਫਾਈ ਦੀ ਸਮੱਸਿਆ ਅਤੇ ਕੂੜੇ ਦੇ ਡੰਪ ਬਾਰੇ ਇਕ ਮੰਗ-ਪੱਤਰ ਦਿੱਤਾ ਸੀ। ਇਸ ਵਿਚ ਚੰਦਨ ਨਗਰ ਅੰਡਰਬ੍ਰਿਜ ਦੀ ਬਾਕਾਇਦਾ ਸਫਾਈ ਅਤੇ ਹੋਰ ਮੰਗਾਂ ਵੀ ਸ਼ਾਮਲ ਸਨ।
ਮੰਗ-ਪੱਤਰ ਦੇਣ ਪਿੱਛੋਂ ਕਾਂਗਰਸੀ ਕੌਂਸਲਰਾਂ ਨੇ ਭਾਜਪਾ ਆਗੂਆਂ ਦੀ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਜਵਾਬੀ ਹਮਲਾ ਕੀਤਾ ਸੀ। ਉਸ ਜਵਾਬੀ ਹਮਲੇ ਦੇ ਜਵਾਬ ਵਿਚ ਸ਼ਨੀਵਾਰ ਭਾਜਪਾ ਨੇਤਾਵਾਂ ਨੇ ਕਾਂਗਰਸੀ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਵਿਧਾਇਕ ਹੈਨਰੀ ਆਪਣੀ ਜਿੱਤ ਦਾ ਹੰਕਾਰ ਕਰਨ ਦੀ ਬਜਾਏ ਖੇਤਰ ਦੇ ਵਿਕਾਸ ਵੱਲ ਧਿਆਨ ਦੇਣ। ਇਨ੍ਹਾਂ ਭਾਜਪਾ ਆਗੂਆਂ ਨੇ ਕਿਹਾ ਕਿ ਮੇਅਰ ਜਗਦੀਸ਼ ਰਾਜਾ ਨੇ ਭਾਜਪਾ ਆਗੂਆਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਕੋਲੋਂ ਸੁਝਾਅ ਲਏ। ਉਨ੍ਹਾਂ ਭਰੋਸਾ ਵੀ ਦਿਵਾਇਆ ਪਰ ਕੁਝ ਕਾਂਗਰਸੀ ਆਗੂਆਂ ਨੂੰ ਭੰਡਾਰੀ ਦੀ ਇਹ ਪਹਿਲ ਰਾਸ ਨਹੀਂ ਆਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੰਗ-ਪੱਤਰ ਦੇਣ ਦੀ ਕਾਰਵਾਈ ਸ਼ਹਿਰ ਦੇ ਭਲੇ ਅਤੇ ਵਿਕਾਸ ਲਈ ਸੀ ਪਰ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਹਤਾਸ਼ਾ ਅਤੇ ਹੰਕਾਰ ਦੀ ਸੂਚਕ ਸੀ।
ਵਾਅਦੇ ਝੂਠੇ ਅਤੇ ਲੁਭਾਉਣੇ ਰਹੇ
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਵੀ ਵਾਅਦੇ ਕੀਤੇ ਸਨ, ਉਹ ਸਭ ਝੂਠੇ ਅਤੇ ਲੁਭਾਉਣੇ ਸਾਬਿਤ ਹੋਏ। ਲੋਕਾਂ ਨੂੰ ਹੁਣ ਅਸਲੀਅਤ ਸਮਝ ਆ ਚੁੱਕੀ ਹੈ। ਬਾਵਾ ਹੈਨਰੀ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਸਰਕਾਰ ਦੀ ਸਾਖ ਚੰਗੀ ਨਹੀਂ ਹੈ।-ਰਾਕੇਸ਼ ਵਿੱਜ ਮੰਡਲ ਪ੍ਰਧਾਨ ਭਾਜਪਾ।
ਹੁਣ ਜਿੱਤ ਦਾ ਹੰਕਾਰ ਛੱਡੋ
ਕਾਂਗਰਸ ਸਰਕਾਰ ਨੂੰ ਬਣਿਆਂ ਡੇਢ ਸਾਲ ਹੋ ਚੁੱਕਾ ਹੈ ਪਰ ਅਜੇ ਤੱਕ ਹੰਕਾਰ ਕਾਂਗਰਸੀ ਆਗੂਆਂ ਦਾ ਪਿੱਛਾ ਨਹੀਂ ਛੱਡ ਰਿਹਾ। ਭੋਲੇ-ਭਾਲੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਵਿਕਾਸ ਕਾਰਜ ਨਹੀਂ ਹੋ ਰਹੇ।-ਗੁਰਦੀਪ ਸਿੰਘ ਨਾਗਰਾ ਕੌਂਸਲਰਪਤੀ।
ਦਾਦਾ ਕਾਲੋਨੀ ਦਾ ਹਸਪਤਾਲ ਹੀ ਚਲਵਾ ਦਿਓ
ਭੰਡਾਰੀ ਦੇ ਸਮੇਂ ਅੰਡਰਬ੍ਰਿਜ ਵਿਖੇ ਨਾ ਕਦੇ ਪਾਣੀ ਭਰਿਆ ਸੀ ਅਤੇ ਨਾ ਹੀ ਕਦੇ ਡਿਵਾਈਡਰ ਟੁੱਟੇ ਸਨ। ਜਦੋਂ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਬਣੇ ਹਨ, ਉਦੋਂ ਤੋਂ ਅੰਡਰਬ੍ਰਿਜ ਦੀ ਸੇਵਾ ਸੰਭਾਲ ਬਾਰੇ ਸਮੱਸਿਆਵਾਂ ਆ ਰਹੀਆਂ ਹਨ। ਅਕਾਲੀ-ਭਾਜਪਾ ਨੇ ਦਾਦਾ ਕਾਲੋਨੀ ਵਿਚ 30 ਬਿਸਤਰਿਆਂ ਦਾ ਜੋ ਹਸਪਤਾਲ ਬਣਾਇਆ ਸੀ, ਸਬੰਧੀ ਵਿਧਾਇਕ ਹੈਨਰੀ ਨੂੰ ਚਾਹੀਦਾ ਹੈ ਕਿ ਉਹ ਇਸਨੂੰ ਹੁਣ ਸ਼ੁਰੂ ਤਾਂ ਕਰਵਾ ਦੇਣ।-ਕਮਲਜੀਤ ਸਿੰਘ ਬੇਦੀ ਸਾਬਕਾ ਕੌਂਸਲਰ।
ਕਾਂਗਰਸ ਨੇ ਕਿਸ ਸੰਸਥਾ ਨੂੰ ਦਿੱਤੀ ਗ੍ਰਾਂਟ
ਭੰਡਾਰੀ ਨੇ ਵਿਧਾਇਕ ਹੁੰਦਿਆਂ ਹਰ ਧਾਰਮਕ ਤੇ ਸਮਾਜਿਕ ਸੰਸਥਾ ਨੂੰ ਵਿਕਾਸ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ। ਵਿਧਾਇਕ ਬਾਵਾ ਹੈਨਰੀ ਦੱਸਣ ਕਿ ਉਨ੍ਹਾਂ ਪਿਛਲੇ ਡੇਢ ਸਾਲ ਦੌਰਾਨ ਕਿਹੜੀ ਸੰਸਥਾ ਨੂੰ ਗ੍ਰਾਂਟ ਦਿੱਤੀ ਹੈ। ਉਲਟਾ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਵੀ ਉਨ੍ਹਾਂ ਠੱਪ ਕਰਵਾ ਦਿੱਤੇ ਹਨ।-ਪਰਮਜੀਤ ਸਿੰਘ ਰੇਰੂ ਕੌਂਸਲਰ
ਪ੍ਰਤਾਪ ਬਾਗ ਡੰਪ ਦਾ ਹਾਲ ਹੋਇਆ ਬੁਰਾ
ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਪ੍ਰਤਾਪ ਬਾਗ ਡੰਪ ਦਾ ਮਾਡਲ ਹੀ ਬਦਲ ਦਿੱਤਾ। ਇਹ ਸਭ ਤੋਂ ਗਲਤ ਫੈਸਲਾ ਸਾਬਿਤ ਹੋਇਆ। ਇਸੇ ਕਾਰਨ ਪ੍ਰਤਾਪ ਬਾਗ ਡੰਪ ਵਿਖੇ ਕੂੜੇ ਦੀ ਸਮੱਸਿਆ ਆ ਰਹੀ ਹੈ। ਸ਼ਹਿਰ ਦੇ ਬਾਕੀ ਡੰਪਾਂ ਦੀ ਹਾਲਤ ਵੀ ਬਹੁਤ ਮਾੜੀ ਹੈ।-ਇੰਦਰਸੇਨ ਸਹਿਗਲ ਸਾਬਕਾ ਕੌਂਸਲਰਪਤੀ।
ਸਟਾਰਮ ਵਾਟਰ ਸੀਵਰ ਕਦੋਂ ਸ਼ੁਰੂ ਹੋਵੇਗਾ?
ਭੰਡਾਰੀ ਨੇ ਸੋਢਲ ਰੋਡ ਖੇਤਰ ਦੀ ਸਮੱਸਿਆ ਹੱਲ ਕਰਨ ਲਈ ਸਟਾਰਮ ਵਾਟਰ ਸੀਵਰ ਸ਼ੁਰੂ ਕਰਵਾਇਆ ਸੀ ਪਰ ਪ੍ਰਾਜੈਕਟ ਨੂੰ ਮਹਿੰਗਾ ਦੱਸਣ ਵਾਲੇ ਵਿਧਾਇਕ ਹੈਨਰੀ ਇਸ ਗੰਭੀਰ ਸਮੱਸਿਆ ਤੋਂ ਕੋਈ ਰਾਹਤ ਨਹੀਂ ਦਿਵਾ ਸਕੇ। ਸੀਨੀਅਰ ਹੈਨਰੀ ਨੇ 15 ਸਾਲ ਦੌਰਾਨ ਇਕ ਵੀ ਤਾਰ ਨਹੀਂ ਬਦਲਵਾਈ, ਜਦਕਿ ਭੰਡਾਰੀ ਨੇ ਪੂਰੇ ਖੇਤਰ ਦੇ ਘਰਾਂ ਉਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਹਟਵਾਇਆ ਸੀ।-ਭਗਵਤ ਪ੍ਰਭਾਕਰ ਸਾਬਕਾ ਕੌਂਸਲਰ।
ਕੌਂਸਲਰ ਵੀ ਸੱਤਾ ਦੇ ਹੰਕਾਰ ‘ਚ ਚੂਰ
ਵਿਧਾਇਕ ਦੇ ਨਾਲ-ਨਾਲ ਕੌਂਸਲਰ ਵਿੱਕੀ ਕਾਲੀਆ ਵੀ ਸੱਤਾ ਦੇ ਹੰਕਾਰ ਵਿਚ ਚੂਰ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੰਡਰਬ੍ਰਿਜ ਬਣੇ ਨੂੰ 10 ਸਾਲ ਨਹੀਂ ਹੋਏ ਹਨ। 10 ਸਾਲਾਂ ਵਿਚ ਖੇਤਰ ਦਾ ਜੋ ਵਿਕਾਸ ਹੋਇਆ ਹੈ, ਉਹ 15 ਸਾਲ ਵਿਧਾਇਕ ਰਹੇ ਉਨ੍ਹਾਂ ਦੇ ਨੇਤਾ ਵੀ ਨਹੀਂ ਕਰਵਾ ਸਕੇ ਹਨ। ਕੌਂਸਲਰ ਨੇ ਆਪਣੇ ਘਰ ਦੇ ਸਾਹਮਣੇ ਤਾਂ ਡਿਵਾਈਡਰ ਲਗਵਾ ਲਏ ਪਰ ਉਨ੍ਹਾਂ ਕੋਲੋਂ ਅੰਡਰਬ੍ਰਿਜ ਦੇ ਡਿਵਾਈਡਰ ਨਹੀਂ ਲੱਗ ਰਹੇ।-ਜੌਲੀ ਬੇਦੀ।
ਸਸਤੀ ਬਿਜਲੀ ਦਾ ਵਾਅਦਾ ਕਿਥੇ ਗਿਆ?
ਕਾਂਗਰਸੀ ਕੌਂਸਲਰ ਵਿੱਕੀ ਨੇ 5 ਰੁਪਏ ਯੂਨਿਟ ਬਿਜਲੀ ਬਾਰੇ ਇੰਡਸਟਰੀ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਪਰ ਅੱਜ ਤੱਕ ਬਿਜਲੀ ਸਾਢੇ 8 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ। ਪ੍ਰਾਪਰਟੀ ਟੈਕਸ ਮੁਆਫ ਕਰਨ ਦਾ ਵਾਅਦਾ ਕਰਨ ਵਾਲੇ ਕਾਂਗਰਸੀ ਅੱਜ ਪ੍ਰਾਪਰਟੀ ਟੈਕਸ ਕਈ ਗੁਣਾ ਵਧਾਉਣ ਬਾਰੇ ਸੋਚ ਰਹੇ ਹਨ। ਲੋਕਾਂ ‘ਤੇ ਕਈ ਤਰ੍ਹਾਂ ਦਾ ਭਾਰ ਲੱਦਿਆ ਜਾ ਰਿਹਾ ਹੈ। ਕੌਂਸਲਰ ਵਿੱਕੀ ਕਾਲੀਆ ਚੁੱਪ ਕਿਉਂ ਹਨ?-ਅਸ਼ਵਨੀ ਭੰਡਾਰੀ ਸਾਬਕਾ ਕੌਂਸਲਰ।