ਨਵੀਂ ਦਿੱਲੀ — ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 10 ਅਗਸਤ ਨੂੰ ਚੈਟਰਜੀ ਨੂੰ ਗੁਰਦੇ ਦੀ ਬੀਮਾਰੀ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਫਿਲਹਾਲ ਉਨ੍ਹਾਂ ਦਾ ਇਲਾਜ ਕੋਲਕਾਤਾ ਦੇ ਇਕ ਹਸਪਤਾਲ ‘ਚ ਚੱਲ ਰਿਹਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਹੈ।
ਇਸ ਤੋਂ ਪਹਿਲਾਂ 28 ਜੂਨ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਦੋਂ ਤੋਂ ਹੀ ਉਨ੍ਹਾਂ ਨੂੰ ਕੋਲਕਾਤਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਾ ਹੋਣ ‘ਤੇ 10 ਅਗਸਤ ਨੂੰ ਦੁਬਾਰਾ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਵਿਚ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਦੇਖਰੇਖ ਕਰ ਰਹੀ ਹੈ।
ਦੱਸ ਦਈਏ ਕਿ ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਮਸ਼ਹੂਰ ਵਕੀਲ ਨਿਰਮਲ ਚੰਦਰ ਚੈਟਰਜੀ ਦੇ ਬੇਟੇ ਹਨ। ਨਿਰਮਲ ਚੰਦਰ ਸੰਪੂਰਣ ਭਾਰਤੀ ਹਿੰਦੂ ਮਹਾਸਭਾ ਦੇ ਸੰਸਥਾਪਕ ਵੀ ਸਨ। ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਸੋਮਨਾਥ ਚੈਟਰਜੀ ਨੇ ਸੀ.ਪੀ.ਐਮ ਨਾਲ 1968 ‘ਚ ਕੀਤੀ ਅਤੇ ਉਹ 2008 ਤੱਕ ਇਸ ਪਾਰਟੀ ਨਾਲ ਜੁੜੇ ਰਹੇ। 1971 ਵਿਚ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ 10 ਵਾਰ ਲੋਕਸਭਾ ਮੈਂਬਰ ਦੇ ਰੂਪ ‘ਚ ਚੁਣੇ ਗਏ ਸਨ।