ਚੰਡੀਗੜ – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਸੁਖਪਾਲ ਸਿੰਘ ਖਹਿਰਾ ‘ਤੇ ਚੁੱਪੀ ਤੋੜਦਿਆਂ ਉਹਨਾਂ ਖਿਲਾਫ ਤਿੱਖੇ ਹਮਲੇ ਕੀਤੇ। ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਨੇ ਪੰਜਾਬੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਖਹਿਰਾ ਬਹੁਤ ਚਲਾਕ ਹੈ ਤੇ ਉਸ ਦੇ ਪਿੱਛੇ ਨਾ ਲੱਗ ਜਾਇਓ। ਉਹਨਾਂ ਕਿਹਾ ਕਿ ਖਹਿਰਾ ਨੂੰ ਪੰਜਾਬ ਦਾ ਨਹੀਂ ਬਲਕਿ ਆਪਣੇ ਅਹੁਦੇ ਦਾ ਦਰਦ ਹੈ।
ਭਗਵੰਤ ਮਾਨ ਨੇ ਖਹਿਰਾ ਦਾ ਸਾਥ ਦੇ ਰਹੇ ਵਿਧਾਇਕਾਂ ਨੂੰ ਵਾਪਸ ਪਰਤਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਖਹਿਰਾ ਵਲੰਟੀਅਰਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਖਹਿਰਾ ਖਿਲਾਫ ਪਾਰਟੀ ਵੱਲੋਂ ਜਲਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਬਿਮਾਰੀ ਕਾਰਨ ਹਸਪਤਾਲ ਵਿਚ ਦਾਖਲ ਹੋਣਾ ਪਿਆ ਪਰ ਖਹਿਰਾ ਵੱਲੋਂ ਮੇਰੀ ਬਿਮਾਰੀ ਦਾ ਮਜ਼ਾਕ ਉੜਾਇਆ ਗਿਆ।
ਦੱਸਣਯੋਗ ਹੈ ਕਿ ਪਾਰਟੀ ਹਾਈਕਮਾਂਡ ਨੇ ਬੀਤੇ ਦਿਨੀਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਥਾਂ ਤੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਸੀ। ਬਾਅਦ ਵਿਚ ਸੁਖਪਾਲ ਸਿੰਘ ਖਹਿਰਾ ਨੇ ਬੀਤੀ 2 ਅਗਸਤ ਨੂੰ ਬਠਿੰਡਾ ਵਿਖੇ ਭਾਰੀ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਤੇ ਪੰਜਾਬ ਵਿਚ ਖੁਦਮੁਖਤਿਆਰੀ ਦੀ ਗੱਲ ਆਖੀ ਸੀ। ਬਠਿੰਡਾ ਵਿਖੇ ਹੋਏ ਇਕੱਠ ਵਿਚ ਆਪ ਦੇ 6 ਵਿਧਾਇਕ ਵੀ ਸ਼ਾਮਿਲ ਹੋਏ ਸਨ।