ਵੈਰੋਵਾਲ : ਪੰਜਾਬ ਦੇ ਲੋਕਾਂ ਨਾਲ ਸ਼ੁਰੂ ਤੋਂ ਹੀ ਧ੍ਰੋਹ ਕਮਾਉਂਦੀ ਆ ਰਹੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ਼ ਪੂਰੀ ਤਰ੍ਹਾਂ ਗਵਾ ਲਿਆ ਸੀ ਪਰ ਪਿੱਛਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਸੱਤਾ ‘ਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦਿਆਂ ਦੀ ਝੜੀ ਲਾ ਦਿੱਤੀ। ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਪੰਜਾਬ ਮੁਖੀ ਨੇ ਧਾਰਮਿਕ ਸਹੁੰਆਂ ਵੀ ਖਾਦੀਆਂ, ਜਿਸ ਉਪਰੰਤ ਲੋਕਾਂ ਨੇ ਵਿਸ਼ਵਾਸ਼ ਕਰਕੇ ਕਾਂਗਰਸ ਪਾਰਟੀ ਨੂੰ ਬਹੁਮਤ ਦਵਾ ਕੇ ਸਰਕਾਰ ਬਣਾ ਦਿੱਤੀ ਪਰ ਸਰਕਾਰ ਬਣਦਿਆਂ ਹੀ ਕਾਂਗਰਸੀ ਆਪਣੀ ਆਦਤ ਅਨੁਸਾਰ ਕੀਤੇ ਵਾਦਿਆਂ ਤੋਂ ਸਾਫ ਮੁੱਕਰ ਗਏ। ਇਸ ਕਾਰਨ ਪੰਜਾਬ ਦੇ ਲੋਕ ਕਾਂਗਰਸੀਆਂ ਉਪਰ ਪਹਿਲਾਂ ਤੋਂ ਵੀ ਵੱਧ ਖਫਾ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਹੇਠਲੇ ਪੱਧਰ ਦੇ ਕਾਂਗਰਸੀ ਆਗੂ ਲੋਕਾਂ ਨਾਲ ਮਿਲਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ। ਖੁਦ ਕਾਂਗਰਸੀ ਆਗੂ ਅਤੇ ਵਰਕਰ ਆਪਣੇ ਮੂੰਹੋਂ ਇਹ ਗੱਲ ਮੰਨਣ ਲੱਗ ਪਏ ਹਨ ਕਿ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਲਹੌਰੀਆ, ਪ੍ਰੇਮ ਸਿੰਘ ਪੰਨੂੰ ਮੈਂਬਰ ਜਿਲਾ ਪ੍ਰੀਸ਼ਦ ਆਦਿ ਮੌਜੂਦ ਸਨ।