ਗੜ੍ਹਸ਼ੰਕਰ -— ‘ਆਪ’ ਕਿਸੇ ਦੀ ਜੱਦੀ ਜਾਗੀਰ ਨਹੀਂ ਹੈ। ਇਹ ਪੰਜਾਬੀਆਂ ਖਾਸਕਰ ਐੱਨ. ਆਰ. ਆਈਜ਼ ਵੱਲੋਂ ਖੜ੍ਹੀ ਕੀਤੀ ਗਈ ਪਾਰਟੀ ਹੈ। ਉਨ੍ਹਾਂ ਬਠਿੰਡਾ ਰੈਲੀ ਵਿਚ ਜਿਹੜੇ ਫੈਸਲੇ ਲਏ ਹਨ, ਉਹ ਉਨ੍ਹਾਂ ਤੋਂ ਪਿੱਛੇ ਨਹੀਂ ਹਟਣਗੇ। ਦਿੱਲੀ ਵਾਲੇ ਜੇਕਰ ਸਾਡੀ ਗੱਲ ਮੰਨ ਲੈਣ ਤਾਂ ਗੱਲ ਮੁੱਕ ਜਾਵੇਗੀ, ਨਹੀਂ ਤਾਂ ਅਸੀਂ ਆਪਣੇ ਸਟੈਂਡ ‘ਤੇ ਕਾਇਮ ਰਹਾਂਗੇ।
ਉਕਤ ਵਿਚਾਰ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨ ਇਥੇ ਦਾਣਾ ਮੰਡੀ ਵਿਚ ਪਾਰਟੀ ਵਾਲੰਟੀਅਰਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਦੋਂ ਦਿੱਲੀ ਦੀ ਗੱਲ ਹੁੰਦੀ ਹੈ ਤਾਂ ਸਾਡੀ ਪਾਰਟੀ ਵੱਧ ਅਧਿਕਾਰਾਂ ਦੀ ਗੱਲ ਕਰਦਿਆਂ ਲੈਫਟੀਨੈਂਟ ਗਵਰਨਰ ਦੇ ਘਰ ਸਾਹਮਣੇ ਧਰਨਾ ਦਿੰਦੀ ਹੈ ਅਤੇ ਜਦੋਂ ਪੰਜਾਬ ਨੂੰ ਖੁਦਮੁਖਤਿਆਰੀ ਦੇਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਵਿਰੋਧ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਹੈ। ਅਸੀਂ ਪਾਰਟੀ ‘ਚ ਹੀ ਰਹਾਂਗੇ ਅਤੇ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਕੰਮ ਕਰ ਰਹੇ ਹਾਂ। ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਪਰ ਇਸ ਦੇ ਬਾਵਜੂਦ 22 ਜ਼ਿਲਿਆਂ ‘ਚ ਕਨਵੈਨਸ਼ਨ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਹਲਕੇ ਅਨੁਸਾਰ ਰੈਲੀਆਂ ਦਾ ਸਿਲਸਿਲਾ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਕੁਝ ਵੀ ਨਹੀਂ ਹਨ। ਲੋਕ ਜਿਵੇਂ ਕਹਿਣਗੇ, ਉਹ ਉਵੇਂ ਹੀ ਚੱਲਦੇ ਜਾਣਗੇ।
ਖਹਿਰਾ ਨੇ ਆਪਣੇ ‘ਤੇ ਕਦੇ ਕਾਂਗਰਸ ਦਾ ਏਜੰਟ ਅਤੇ ਕਦੇ ਪੈਸੇ ਲੈਣ ਦੇ ਲੱਗ ਰਹੇ ਦੋਸ਼ਾਂ ਨੂੰ ‘ਸਿਆਸੀ ਗੱਲਾਂ’ ਕਰਾਰ ਦਿੱਤਾ। ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਗੱਠਜੋੜ ਅਤੇ ਮੌਜੂਦਾ ਕੈਪਟਨ ਸਰਕਾਰ ‘ਤੇ ਜੰਮ ਕੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਕਾਲੀ ਨਹੀਂ ਵਪਾਰੀ ਹੈ, ਜਿਸ ਦਾ ਹੋਟਲ, ਬੱਸਾਂ, ਟੀ. ਵੀ. ਚੈਨਲ ਅਤੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਸਿੱਧਾ ਸਬੰਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੇਕਰ ਅੱਜ ‘ਆਪ’ ਦੀ ਸਰਕਾਰ ਨਹੀਂ ਹੈ ਤਾਂ ਇਸ ਦੀ ਜ਼ਿੰਮੇਵਾਰੀ ਦਿੱਲੀ ਵਾਲਿਆਂ ਦੀ ਹੈ ਕਿਉਂਕਿ ਇਨ੍ਹਾਂ ਕੋਲ ਦੋ ਬਦਲ ਸਨ ਜਾਂ ਤਾਂ ਪੰਜਾਬ ਵਿਚ ਸਰਕਾਰ ਬਣਾ ਲੈਂਦੇ ਜਾਂ ਪਾਰਟੀ ‘ਤੇ ਆਪਣੀ ਪਕੜ ਬਣਾ ਲੈਂਦੇ ਅਤੇ ਇਨ੍ਹਾਂ ਪਾਰਟੀ ‘ਤੇ ਕੰਟਰੋਲ ਨੂੰ ਪਹਿਲ ਦਿੱਤੀ। ਜੇਕਰ ਲੋੜ ਪਈ ਤਾਂ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਹ ਹਰ ਅਹੁਦੇ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ। ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਜਾਣਾ ਕੋਈ ਮੁੱਦਾ ਨਹੀਂ ਹੈ, ਸਗੋਂ ਇਹ ਤਾਂ ਉਸ ਚੰਗਿਆੜੀ ਵਾਂਗ ਹੈ, ਜਿਸ ਨਾਲ ਪੰਜਾਬੀਆਂ ਨੂੰ ਲੱਗਾ ਕਿ ਪੰਜਾਬ ਨੂੰ ਫੈਸਲੇ ਲੈਣ ਦਾ ਹੱਕ ਨਹੀਂ ਹੈ। ‘ਆਪ’ ਹਾਈ ਕਮਾਨ ਪੰਜਾਬ ਦੇ ਦਰਿਆਈ ਪਾਣੀਆਂ ‘ਚੋਂ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਹਿੱਸਾ ਦੇਣ ਦੀ ਗੱਲ ਕਰਦੀ ਹੈ, ਜੋ ਸਾਨੂੰੰ ਬਿਲਕੁਲ ਮਨਜ਼ੂਰ ਨਹੀਂ ਹੈ।
ਕਨਵੈਨਸ਼ਨ ਵਿਚ ਸਥਾਨਕ ਵਿਧਾਇਕ ਜੈ ਕਿਸ਼ਨ ਰੋੜੀ ਸਮੇਤ ਖਹਿਰਾ ਨਾਲ ਬਗਾਵਤੀ ਸੁਰ ਅਲਾਪ ਰਹੇ ਅੱਠ ਵਿਧਾਇਕਾਂ ਨੇ ਵੀ ਆਪਣੇ ਵਿਚਾਰ ਖੁੱਲ੍ਹ ਕੇ ਰੱਖੇ।