ਕਿੰਗ ਸਿਟੀ – ਸਟੀਵ ਸਮਿਥ ਅਤੇ ਡੇਵਿਡ ਵੌਰਨਰ ਕੈਨੇਡਾ ਦੇ ਗਲੋਬਲ Twenty-20 ਕ੍ਰਿਕਟ ਟੂਰਨਾਮੈਂਟ ਵਿੱਚ ਵਿਰੋਧੀ ਟੀਮਾਂ ਵਿਰੁੱਧ ਖੇਡਦੇ ਹੋਏ ਅਸਫ਼ਲ ਰਹੇ। ਸਿਤਾਰਿਆਂ ਨਾਲ ਸਜੀ ਇਸ ਲੀਗ ਦੇ ਸੱਤਵੇਂ ਮੈਚ ਵਿੱਚ ਆਸਟਰੇਲੀਆ ਦੇ ਸਾਬਕਾ ਉੱਪ ਕਪਤਾਨ ਵੌਰਨਰ ਦੀ ਵਿਨੀਪੈੱਗ ਹੌਕਸ ਟੀਮ ਨੇ ਆਸਟਰੇਲੀਆ ਦੇ ਸਾਬਕਾ ਕਪਤਾਨ ਸਮਿਥ ਦੀ ਟੋਰੌਂਟੋ ਨੈਸ਼ਨਲਜ਼ ਟੀਮ ਨੂੰ 56 ਦੌੜਾਂ ਨਾਲ ਹਰਾਇਆ। ਵੌਰਨਰ ਹਾਲਾਂਕਿ ਇਸ ਦੌਰਾਨ ਦੋ ਗੇਂਦਾਂ ਵਿੱਚ ਇੱਕ ਹੀ ਦੌੜ ਬਣਾ ਸੱਕਿਆ। ਸਮਿਥ ਵੀ 10 ਗੇਂਦਾਂ ਵਿੱਚ ਤਿੰਨ ਹੀ ਦੌੜਾਂ ਬਣਾ ਸੱਕਿਆ, ਅਤੇ ਉਹਦੀ ਟੀਮ ਵਿਨੀਪੈੱਗ ਦੇ ਛੇ ਵਿਕਟਾਂ ਉੱਤੇ 164 ਦੌੜਾਂ ਦੇ ਜਵਾਬ ਵਿੱਚ 108 ਦੌੜਾਂ ‘ਤੇ ਹੀ ਸਿਮਿਤ ਹੋ ਕੇ ਰਹਿ ਗਈ। ਸਮਿਥ ਨੇ ਦੋ ਓਵਰਾਂ ਵਿੱਚ 34 ਦੌੜਾਂ ਵੀ ਦਿੱਤੀਆਂ।
ਕੇਪਟਾਊਨ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਟੈੱਸਟ ਦੌਰਾਨ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਸ਼ਮੂਲੀਅਤ ਲਈ ਵਾਰਨਰ ਅਤੇ ਸਮਿਥ ‘ਤੇ ਕ੍ਰਿਕਟ ਆਸਟਰੇਲੀਆ ਨੇ 12 ਮਹੀਨੇ ਦਾ ਬੈਨ ਲਗਾਇਆ ਹੋਇਆ ਹੈ। ਇਨ੍ਹਾਂ ਦੋਨਾਂ ਨੂੰ ਹਾਲਾਂਕਿ ਕੈਨੇਡਾ ਟੂਰਨਾਮੈਂਟ ਵਿੱਚ ਖੇਡਣ ਦੀ ਆਜ਼ਾਦੀ ਹੈ। ਕ੍ਰਿਕਟ ਵਿੱਚ ਵਾਪਸੀ ਕਰਦੇ ਹੋਏ ਵੌਰਨਰ ਪਿਛਲੀ ਤਿੰਨ ਪਾਰੀਆਂ ਵਿੱਚ 1,4 ਅਤੇ 1 ਦੌੜਾਂ ਬਣਾ ਸੱਕਿਆ ਹੈ ਜਦੋਂਕਿ ਨੈਸ਼ਨਲਜ਼ ਵਲੋਂ ਪਹਿਲੇ ਮੈਚ ਵਿੱਚ 61 ਦੌੜਾਂ ਬਣਾਉਣ ਵਾਲਾ ਸਮਿਥ ਅਗਲੀਆਂ ਦੋ ਪਾਰੀਆਂ ਵਿੱਚ 10 ਅਤੇ ਤਿੰਨ ਦੌੜਾਂ ਹੀ ਬਣਾ ਸੱਕਿਆ।