ਦੁਬਈ – ਭਾਰਤ ਦਾ ਲੋਕੇਸ਼ ਰਾਹੁਲ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਆਪਣੇ ਸੈਂਕੜੇ ਦੀ ਬਦੌਲਤ ICC T20 ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਟੌਪ-10 ‘ਚੋਂ ਬਾਹਰ ਹੋ ਗਿਆ ਹੈ।
ਭਾਰਤ ਨੇ ਇੰਗਲੈਂਡ ਕੋਲੋਂ ਤਿੰਨ T20 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ ਜਿਹੜੀ ਉਸ ਦੀ ਲਗਾਤਾਰ ਪੰਜਵੀਂ T20 ਸੀਰੀਜ਼ ਜਿੱਤ ਸੀ। ਰਾਹੁਲ ਪਹਿਲੇ ਮੈਚ ਵਿੱਚ ਸੈਂਕੜੇ ਤੋਂ ਬਾਅਦ 854 ਅੰਕਾਂ ਦੀ ਸਰਵਸ੍ਰੇਸ਼ਠ ਰੇਟਿੰਗ ‘ਤੇ ਪਹੁੰਚ ਗਿਆ ਸੀ, ਪਰ ਅਗਲੇ ਦੋ ਮੈਚਾਂ ਵਿੱਚ ਸਸਤੇ ‘ਚ ਆਊਟ ਹੋਣ ਕਾਰਨ ਉਸ ਦੇ 812 ਅੰਕ ਰਹਿ ਗਏ। ਰਾਹੁਲ ਨੇ ਚਾਰ ਸਥਾਨਾਂ ਦਾ ਸੁਧਾਰ ਕੀਤਾ ਤੇ ਉਹ ਸੱਤਵੇਂ ਤੋਂ ਤੀਜੇ ਨੰਬਰ ‘ਤੇ ਆ ਕੇ ਭਾਰਤ ਦਾ ਨੰਬਰ ਇੱਕ T20 ਬੱਲੇਬਾਜ਼ ਬਣ ਗਿਆ ਹੈ।
ਵਿਰਾਟ ਨੇ ਸੀਰੀਜ਼ ਦੇ ਆਖ਼ਰੀ ਦੋ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ, ਪਰ ਉਹ ਦੋਵਾਂ ਮੈਚਾਂ ਵਿੱਚ ਹੀ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 12ਵੇਂ ਨੰਬਰ ‘ਤੇ ਖਿਸਕ ਗਿਆ ਹੈ। ਆਖ਼ਰੀ ਮੈਚ ‘ਚ ਮੈਚ ਜੇਤੂ ਅਜੇਤੂ 100 ਦੌੜਾਂ ਬਣਾਉਣ ਵਾਲਾ ਰੋਹਿਤ ਸ਼ਰਮਾ ਸਾਂਝੇ ਤੌਰ ‘ਤੇ 12ਵੇਂ ਤੋਂ 11ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਓਪਨਰ ਸ਼ਿਖਰ ਧਵਨ ਨੂੰ ਲਗਾਤਾਰ ਖ਼ਰਾਬ ਪ੍ਰਦਰਸ਼ਨ ਦਾ ਖ਼ਾਮਿਆਜ਼ਾ 7 ਸਥਾਨਾਂ ਦੀ ਗਿਰਾਵਟ ਨਾਲ ਭੁਗਤਣਾ ਪਿਆ ਅਤੇ ਉਹ 16ਵੇਂ ਤੋਂ 23ਵੇਂ ਨੰਬਰ ‘ਤੇ ਖਿਸਕ ਗਿਆ ਹੈ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 51ਵੇਂ ਨੰਬਰ ‘ਤੇ ਆ ਗਿਆ ਹੈ।
ਭਾਰਤੀ ਗੇਂਦਬਾਜ਼ਾਂ ‘ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਚੌਥੇ ਸਥਾਨ ‘ਤੇ ਬਰਕਰਾਰ ਹੈ ਅਤੇ ਚੋਟੀ ਦਾ ਭਾਰਤੀ ਗੇਂਦਬਾਜ਼ ਬਣਿਆ ਹੋਇਆ ਹੈ। ਪਹਿਲੇ ਮੈਚ ਵਿੱਚ ਪੰਜ ਵਿਕਟਾਂ ਲੈਣ ਵਾਲਾ, ਪਰ ਆਖ਼ਰੀ ਮੈਚ ਵਿੱਚ ਬੈਂਚ ‘ਤੇ ਬੈਠਣ ਵਾਲਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 19 ਸਥਾਨਾਂ ਦੀ ਛਲਾਂਗ ਲਾ ਕੇ 53ਵੇਂ ਤੋਂ 34ਵੇਂ ਨੰਬਰ ‘ਤੇ ਪਹੁੰਚ ਗਿਆ ਹੈ।