ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਤੁਸ਼ਾਰ ਅਰੋਠੇ ਨੇ ਟੀਮ ਦੀ ਕੁੱਝ ਸਟਾਰ ਖਿਡਾਰੀਆਂ ਦੇ ਨਾਲ ਕਥਿਤ ਮੱਤਭੇਦਾਂ ਤੋਂ ਬਾਅਦ ਮੰਗਲਵਾਰ ਨੂੰ ਅਹੁਦਾ ਛੱਡ ਦਿੱਤਾ। ਖਿਡਾਰੀ ਉਸ ਦੇ ਟ੍ਰੇਨਿੰਗ ਦੇ ਤਰੀਕੇ ਦਾ ਵਿਰੋਧ ਕਰ ਰਹੇ ਸਨ। ਪ੍ਰਬੰਧਕ ਕਮੇਟੀ (CEO) ਕਾਰਜਕਾਲ ‘ਚ ਇਸ ਤਰ੍ਹਾਂ ਦੂਜੀ ਵਾਰ ਹੋਇਆ ਹੈ ਜਦੋਂ ਕਿਸੇ ਰਾਸ਼ਟਰੀ ਕੋਚ ਨੇ ਖਿਡਾਰੀਆਂ ਦੇ ਵਿਦਰੋਹ ਤੋਂ ਬਾਅਦ ਅਹੁਦਾ ਛੱਡ ਦਿੱਤਾ। ਪਿਛਲੇ ਸਾਲ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਵੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਮੱਤਭੇਦਾਂ ਤੋਂ ਬਾਅਦ ਅਹੁਦਾ ਛੱਡ ਦਿੱਤਾ।
BCCI ਨੇ ਮੰਗਲਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਅਰੋਠੇ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਹਾਲਾਂਕਿ BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਹੁਤ ਪ੍ਰਭਾਵ ਰੱਖਣ ਵਾਲੇ ਕੁੱਝ ਸੀਨੀਅਰ ਖਿਡਾਰੀ ਚਾਹੁੰਦੇ ਸਨ ਕਿ ਉਹ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ ਅਤੇ ਇਸ ਵਜ੍ਹਾ ਨਾਲ ਅਰੋਠੇ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਇਆ।