ਨਵੀਂ ਦਿੱਲੀ— ਅਮਰੀਕਾ ‘ਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਕੁਝ ਸਮੇਂ ‘ਤੋਂ ਤੇਜ਼ੀ ਨਾਲ ਵਧੀ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉੱਥੇ ਸ਼ਰਣ ਮੰਗੀ ਹੈ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਸਨ। ਉਸ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਦਾ ਨੰਬਰ ਹੈ। ਸ਼ਰਣ ਦੇ ਲਈ ਪੰਜਾਬ ਦੇ ਲੋਕ ਖੁਦ ਨੂੰ ਆਮ ਆਦਮੀ ਪਾਰਟੀ ਦਾ ਦੱਸਦੇ ਹੋਏ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਦਕਿ ਹਰਿਆਣਾ ਵਾਲੇ ਖੁਦ ਨੂੰ ਕਾਂਗਰਸੀ ਦੱਸ ਕੇ ਉੱਥੋਂ ਦੀ ਭਾਜਪਾ ਸਰਕਾਰ ਤੋਂ ਖਤਰਾ ਜਤਾਉਂਦੇ ਹਨ। ਜ਼ਿਆਦਾਤਰ ਉਮੀਦਵਾਰ 20-22 ਸਾਲ ਦੀ ਉਮਰ ਦੇ ਹੁੰਦੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਐਨ.ਆਰ. ਆਈ ਵਿਆਹ, ਔਰਤਾਂ ਅਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ ‘ਤੇ ਆਯੋਜਿਤ ਸਮਾਗਮ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਵਾਂ ਟ੍ਰੈਂਡ ਦੇਖਣ ਨੂੰ ਮਿਲਿਆ ਹੈ ਏਜੰਟ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ ‘ਤੇ ਅਮਰੀਕਾ ਭੇਜਣ ਦੇ ਸੁਪਨੇ ਦੇਖਦੇ ਹਨ।
ਪਹਿਲਾਂ ਇਕ ਸਾਲ ਯੂ. ਐੱਸ ‘ਚ ਸ਼ਰਣ ਮੰਗਣ ਵਾਲਿਆਂ ਦੀ ਗਿਣਤੀ 52 ਸੀ ਫਿਰ ਇਹ 101 ਹੋਈ ਅਤੇ ਹੁਣ 340 ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤੀ ਦੂਤਾਵਾਸ ਦੇ ਕਰਮਚਾਰੀਆਂ ਨਾਲ ਗੱਲ ਕਰਨਾ ਮਨ੍ਹਾ ਹੈ। ਅਜਿਹੇ ‘ਚ ਕੋਸ਼ਿਸ਼ ਕਰਕੇ ਵੀ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਪਾ ਰਹੀ। ਉਨ੍ਹਾਂ ਨੇ ਕਿਹਾ ਹੈ ਕਿ ਮਨੁੱਖੀ ਤਸਕਰੀ ਰੋਕਣ ਲਈ ਵਿਦੇਸ਼ ਭੇਜਣ ਵਾਲੇ ਫਰਜ਼ੀ ਏਜੰਟਾਂ ਦਾ ਧੰਦਾ ਬੰਦ ਕਰਨਾ ਜ਼ਰੂਰੀ ਹੈ। 26 ਮਈ 2014 ਤੋਂ 31 ਦਸੰਬਰ 2017 ਤਕ ਵਿਦੇਸ਼ ‘ਚ ਫਸੇ 1,01, 366 ਲੋਕ ਵਾਪਸ ਲਿਆਂਦੇ ਗਏ। ਇਸ ਚੱਕਰ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਫਰਜ਼ੀ ਏਜੰਟਾਂ ਦਾ ਧੰਦਾ ਬੰਦ ਹੋਵੇ।