ਸ਼ਾਹਰੁਖ਼ ਖ਼ਾਨ ਨੇ ਮਹਾਨਾਇਕ ਅਮਿਤਾਭ ਬੱਚਨ ਦੀ ਫ਼ਿਲਮ ਬਦਲਾ ਨੂੰ ਪ੍ਰੋਡਿਊਸ ਕਰਨ ਦਾ ਫ਼ੈਸਲਾ ਲਿਆ ਹੈ। ਅਮਿਤਾਭ ਤੇ ਸ਼ਾਹਰੂਖ਼ ਨੇ ਇਕੱਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਪਰ ਕਰੀਬ ਇੱਕ ਦਾਹਕੇ ਤੋਂ ਇਹ ਦੋਵੇਂ ਕਿਸੇ ਫ਼ਿਲਮ ‘ਚ ਇਕੱਠੇ ਨਜ਼ਰ ਨਹੀਂ ਆਏ। ਹੁਣ ਫ਼ਿਲਮ ਬਦਲਾ ਨਾਲ ਇਹ ਦੋਵੇਂ ਸਟਾਰ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਸ਼ਾਹਰੁਖ਼ ਇਸ ਫ਼ਿਲਮ ‘ਚ ਅਦਾਕਾਰਾ ਵਜੋਂ ਨਹੀਂ ਸਿਰਫ਼ ਨਿਰਮਾਤਾ ਵਜੋਂ ਅਮਿਤਾਭ ਦਾ ਸਾਥ ਦੇਵੇਗਾ। ਹਾਲ ਹੀ ‘ਚ ਸ਼ਾਹਰੁਖ਼ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਅੰਕੁਰ ਐਂਟਰਟੇਨਮੈਂਟ ਨਾਲ ਮਿਲ ਕੇ ਫ਼ਿਲਮ ਬਦਲਾ ਨੂੰ ਪ੍ਰੋਡਿਊਸ ਕਰਨ ਦਾ ਫ਼ੈਸਲਾ ਲਿਆ ਸੀ। ਇਸ ਫ਼ਿਲਮ ‘ਚ ਮੁੱਖ ਭੂਮਿਕਾ ਅਮਿਤਾਭ ਬੱਚਨ ਨਿਭਾਅ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ‘ਚ ਤਾਪਸੀ ਪੰਨੂ ਨਾਲ ਸਕੌਟਲੈਂਡ ‘ਚ ਸ਼ੁਰੂ ਹੋ ਗਈ ਹੈ ਅਤੇ ਬੇਹੱਦ ਜਲਦ ਅਮਿਤਾਭ ਵੀ ਉਥੇ ਜਾਣ ਵਾਲੇ ਹਨ। ਇਸ ਨੂੰ ਕਹਾਣੀ ਵਰਗੀ ਸਸਪੈਂਸ ਫ਼ਿਲਮ ਬਣਾ ਚੁੱਕੇ ਸੁਜਾਏ ਘੋਸ਼ ਨਿਰਦੇਸ਼ਤ ਕਰਨਗੇ। ਬਦਲਾ ਫ਼ਿਲਮ ਦੀ ਕਹਾਣੀ ਤਿੰਨ ਮੁੱਖ ਪਾਤਰਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ ਜਿਨ੍ਹਾਂ ‘ਚੋਂ ਦੋ ਪਾਤਰ ਅਮਿਤਾਭ ਅਤੇ ਤਾਪਸੀ ਤਾਂ ਫ਼ਾਈਨਲ ਹੋ ਗਏ ਹਨ ਜਦਦਿ ਤੀਜੇ ਪਾਤਰ ਦੀ ਭੂਮਿਕਾ ਲਈ ਨਸੀਰੂਦੀਨ ਸ਼ਾਹ ਨੇ ਹਾਮੀ ਭਰੀ ਹੈ। ਫ਼ਿਲਮ ਬਦਲਾ ਦੀ ਕਹਾਣੀ ਇੱਕ ਦੂਜੇ ਤੋਂ ਬਦਲਾ ਲੈਣ ਦੀ ਇੱਛਾ ਰੱਖਣ ਵਾਲੇ ਦੋ ਵਿਅਕਤੀਆਂ ਦੀ ਹੈ ਜੋ ਛੋਟੇ ਹੁੰਦਿਆਂ ਤੋਂ ਲੈ ਕੇ ਹੀ ਇੱਕ ਦੂਜੇ ਤੋਂ ਬਦਲਾ ਲੈਣਾ ਚਾਹੁੰਦੇ ਹਨ, ਪਰ ਜਦੋਂ ਬਦਲਾ ਲੈਣ ਦਾ ਸਹੀ ਵਕਤ ਆਉਾਂਦਾਹੈ ਤਾਂ ਉਹ ਕਾਫ਼ੀ ਸਵਾਲਾਂ ‘ਚ ਉਲਝ ਜਾਂਦੇ ਹਨ। ਕਿਉਂਕਿ ਫ਼ਿਰ ਉਨ੍ਹਾਂ ਲਈ ਬਦਲੇ ਦੀ ਪਰਿਭਾਸ਼ਾ ਹੀ ਬਦਲ ਜਾਂਦੀ ਹੈ।
ਆਲੀਆ ਕੋਲ ਸੁਨਹਿਰੀ ਮੌਕਾ
ਅੰਮ੍ਰਿਤਾ ਪ੍ਰੀਤਮ ਦੀ ਭੂਮਿਕਾ ਨਿਭਾਏਗੀ
ਅਦਾਕਾਰਾ ਆਲੀਆ ਭੱਟ ਪਰਦੇ ‘ਤੇ ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ‘ਚ ਨਜ਼ਰ ਆ ਸਕਦੀ ਹੈ। ਬੌਲੀਵੁੱਡ ਦੇ ਮਸ਼ਹੂਰ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਦੇ ਜੀਵਨ ‘ਤੇ ਇੱਕ ਗੁਸਤਾਖ਼ੀਆਂ ਨਾਂ ਦੀ ਫ਼ਿਲਮ ਬਣਾਉਣ ਜਾ ਰਹੇ ਹਨ। ਅਭਿਸ਼ੇਕ ਬੱਚਨ ਦਾ ਨਾਂ ਫ਼ਿਲਮ ‘ਚ ਸਾਹਿਰ ਲੁਧਿਆਣਵੀ ਦਾ ਕਿਰਦਾਰ ਨਿਭਾਉਣ ਲਈ ਤੈਅ ਕੀਤਾ ਗਿਆ ਹੈ। ਦੂਜੇ ਪਸੇ ਆਲੀਆ ਭੱਟ ਸਾਹਿਰ ਲੁਧਿਆਣਵੀ ਦੀ ਪ੍ਰੇਮਿਕਾ ਯਾਨੀ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾਅ ਸਕਦੀ ਹੈ। ਭੰਸਾਲੀ ਨੇ ਕਿਹਾ ਹੈ ਕਿ ਆਲੀਆ ਭੱਟ ਹੁਣ ਅਦਾਕਾਰੀ ਦੇ ਮਾਮਲੇ ‘ਚ ਕਾਫ਼ੀ ਸਮਝਦਾਰ ਹੋ ਗਈ ਹੈ। ਇਸ ਉਮਰ ‘ਚ ਅਜਿਹਾ ਵਿਸ਼ਵਾਸ਼ ਉਸ ਦੇ ਆਉਣ ਵਾਲੇ ਕਰੀਅਰ ਦੀ ਸ਼ਾਨਦਾਰ ਨੀਂਹ ਰੱਖੇਗਾ। ਉਸ ਨਾਲ ਇਹ ਫ਼ਿਲਮ ਕਰਨ ਦਾ ਸਫ਼ਰ ਮਜ਼ੇਦਾਰ ਰਹੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਲੀਆ ਨੇ ਇੱਕ ਵਾਰ ਭੰਸਾਲੀ ਦੀ ਫ਼ਿਲਮ ਲਈ ਔਡੀਸ਼ਨ ਦਿੱਤਾ ਸੀ। ਉਹ ਫ਼ਿਲਮ ਬਲੈਕ ‘ਚ ਰਾਣੀ ਮੁਖਰਜੀ ਦੇ ਬਚਪਨ ਦਾ ਕਿਰਦਾਰ ਕਰਨ ਵਾਲੀ ਸੀ, ਪਰ ਔਡੀਸ਼ਨ ‘ਚ ਭੰਸਾਲੀ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀ। ਖ਼ੈਰ ਫ਼ਿਲਮ ਗੁਸਤਾਖ਼ੀਆਂ ਦੀ ਸ਼ੂਟਿੰਗ ਬੇਹੱਦ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 40 ਦੇ ਦਹਾਕਿਆਂ ‘ਚ ਸਾਹਿਰ ਅਤੇ ਅੰਮ੍ਰਿਤਾ ਪ੍ਰੀਤਮ ਲਾਹੌਰ ਦੇ ਕਾਲਜ ‘ਚ ਇਕੱਠੇ ਪੜ੍ਹਿਆ ਕਰਦੇ ਸਨ। ਕਾਲਜ ‘ਚ ਹੋਣ ਵਾਲੇ ਪ੍ਰੋਗਰਾਮਾਂ ‘ਚ ਸਾਹਿਰ ਆਪਣੀਆਂ ਲਿਖੀਆਂ ਗ਼ਜ਼ਲਾਂ ਅਤੇ ਨਜ਼ਮਾਂ ਪੜ੍ਹ ਕੇ ਸੁਣਾਉਾਂਦੇ ਸਨ, ਅਤੇ ਉਨ੍ਹਾਂ ਦਿਨਾਂ ‘ਚ ਅੰਮ੍ਰਿਤਾ ਉਨ੍ਹਾਂ ਦੀ ਗ਼ਜ਼ਲਾਂ ਅਤੇ ਨਜ਼ਮਾਂ ਦੀ ਚੰਗੀ ਮੁਰੀਦ ਹੋ ਗਈ। ਇਸੇ ਕਾਰਨ ਉਹ ਸਾਹਿਰ ਨੂੰ ਪਿਆਰ ਵੀ ਕਰਨ ਲੱਗ ਗਈ, ਪਰ ਕੁੱਝ ਸਮਾਂ ਬਾਅਦ ਹੀ ਸਾਹਿਰ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਸੀ। ਹੁਣ ਅਜਿਹੇ ‘ਚ ਜੇ ਆਲੀਆ ਅੰਮ੍ਰਿਤਾ ਦਾ ਕਿਰਦਾਰ ਨਿਭਾਉਾਂਦੀਹੈ ਤਾਂ ਉਸ ਕੋਲ ਆਪਣੀ ਅਦਾਕਾਰੀ ਦਾ ਜਾਦੂ ਵਿਖਾਉਣ ਲਈ ਇੱਕ ਇੱਕ ਸੁਨਿਹਰੀ ਮੌਕਾ ਹੋਵੇਗਾ। ਹਾਲ ਹੀ ‘ਚ ਆਲੀਆ ਦੀ ਰਿਲੀਜ਼ ਹੋਈ ਫ਼ਿਲਮ ਰਾਜ਼ੀ ਨੇ ਵੀ ਪਰਦੇ ‘ਤੇ 200 ਕਰੋੜ ਦੀ ਕਮਾਈ ਕਰ ਲਈ ਹੈ।