ਸੱਥ ‘ਚ ਆਉਂਦਿਆਂ ਹੀ ਬਾਬਾ ਸਰਦਾਰਾ ਸਿਉਂ ਉੱਚੀ ਉੱਚੀ ਗੱਲਾਂ ਮਾਰੀ ਜਾਂਦੇ ਨਾਥੇ ਅਮਲੀ ਦੇ ਲਾਡ ਨਾਲ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਸਾਰੀ ਦਿਹਾੜੀ ਸੱਥ ਚੀ ਗੱਲਾਂ ਮਾਰੀ ਜਾਂਦਾ ਰਹਿਨੈਂ, ਕਦੇ ਆਂਢ ਗੁਆਂਢ ‘ਚ ਵੀ ਕਿਸੇ ਦੇ ਵਿਆਹ ਸ਼ਿਆਹ ‘ਚ ਵੀ ਭੋਰਾ ਹੱਥ ਵਟਾ ਦਿਆ ਕਰ, ਨਾਲੇ ਲੱਡੂ ਜਲੇਬੀ ਦਾ ਭੋਰਾ ਖਾ ਲਿਆ ਕਰ ਜਾ ਕੇ ਅਗਲੇ ਦੇ।”
ਤਾਸ਼ ਖੇਡੀ ਜਾਂਦਾ ਗੇਲੇ ਰਾਗੀ ਕਾ ਘੀਰੂ ਜੋਸ਼ ਵਿੱਚ ਆਇਆ ਦੱਬ ਕੇ ਪੱਤੇ ‘ਤੇ ਪੱਤਾ ਮਾਰ ਕੇ ਬਾਬੇ ਸਰਦਾਰਾ ਸਿਉਂ ਨੂੰ ਕਹਿੰਦਾ, ”ਇਹਦੇ ਆਂਢ ਗੁਆਂਢ ‘ਚ ਕੀਹਦੇ ਐ ਵਿਆਹ ਬਾਬਾ?”
ਸੀਤਾ ਮਰਾਸੀ ਕਹਿੰਦਾ, ”ਮਕੰਦ ਸਿਉਂ ਸਰਦਾਰ ਦੇ ਮੁੰਡੇ ਦਾ ਵਿਆਹ ਵੇਖ ਖਾਂ, ਤਿੰਨ ਚਾਰ ਦਿਨ ਹੋਗੇ ਕੜਾਹੀ ਚੜ੍ਹੀ ਨੂੰ। ਖਣੀ ਪਰਸੋਂ ਨੂੰ ਜੰਨ ਵੀ ਜਾਣੀ ਐ।”
ਤਾਸ਼ ਵਾਲਿਆਂ ਦੀਆਂ ਸਰਾਂ ਚੁੱਕੀ ਬੈਠਾ ਭਾਨੇ ਕਾ ਫ਼ੈਣਾ ਅਮਲੀ ਵਿੱਚਦੀ ਗੱਲ ਕੱਢ ਕੇ ਬਾਬੇ ਸਰਦਾਰਾ ਸਿਉਂ ਨੂੰ ਕਹਿੰਦਾ, ”ਅਮਲੀ ਤਾਂ ਬਾਬਾ ਚਟਨੀ ਆਲੇ ਪਤੌੜ ਖਾਂਦੈ, ਲੱਡੂ ਜਲੇਬੀਆਂ ਖਾ ਕੇ ਸੂਗਰ ਕਰਾਉਣੀ ਐ ਇਨ੍ਹੇ। ਨਾਲੇ ਜੇ ਇਨ੍ਹੇ ਮਕੰਦ ਸਿਉਂ ਕੇ ਘਰੋਂ ਕੁਸ ਖਾ ਲਿਆ ਤਾਂ ਉਨ੍ਹਾਂ ਨੇ ਜੰਨ ਨ੍ਹੀ ਲਜਾਣਾ ਇਹਨੂੰ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਜੰਨ ਗਾਹਾਂ ਚਤੌੜਗੜ੍ਹ ਜਾਣੀ ਐਂ ਬਈ ਤੜਕੇ ਦੀ ਤੁਰੀ ਨੂੰ ਪਹੁੰਚਣ ਵੇਲੇ ਨੂੰ ਆਥਣ ਹੋ ਜੂ। ਸੰਗਰੂਰੀ ਤਾਂ ਜਾਣੈ ਜੰਨ ਨੇ, ਆਹ ਤਾਂ ਵਾਟ ਖੜ੍ਹੀ ਐ ਦਸ ਨ੍ਹੀ ਤਾਂ ਬਾਰਾਂ ਕੋਹ ਹੋਊ।”
ਮਾਹਲਾ ਨੰਬਰਦਾਰ ਕਹਿੰਦਾ, ”ਫ਼ੇਰ ਤਾਂ ਅਮਲੀ ਨੂੰ ਜੰਨ ਆ ਗੀ ਹੈਂ। ਜਾ ਓਏ ਅਮਲੀਆ ਨਹਾ ਧੋ ਲੈ, ਸਰਦਾਰਾਂ ਦੇ ਮੁੰਡੇ ਜੰਨ ਜਾਣਾ ਹੋਊ।”
ਬਾਬਾ ਸਰਦਾਰਾ ਸਿਉਂ ਕਹਿੰਦਾ, ”ਜੰਨ ਤਾਂ ਹਜੇ ਕਹਿੰਦੇ ਪਰਸੋਂ ਚੜ੍ਹਣੀ ਐ, ਅੱਜ ਈ ਨਹਾ ਕੇ ਕੀ ਕਰੂ। ਅੱਜ ਦਾ ਨਹਾਤਾ ਵਿਆ ਤਾਂ ਪਰਸੋਂ ਨੂੰ ਫ਼ੇਰ ਇਹਨੇ ਆਟੇ ਨਾਲ ਲਿਬੜੀ ਕੁੱਕੜੀ ਅਰਗਾ ਹੋ ਜਾਣੈ। ਪਰਸੋਂ ਈ ਨਹਾ ਲੂ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਕਹਿੰਦੇ ਜੰਨ ਵੀ ਹੈਲੀਕਪਟਰ ‘ਤੇ ਜਾਣੀ ਐ।”
ਬੁੱਘਰ ਦਖਾਣ ਕਹਿੰਦਾ, ”ਫ਼ੇਰ ਨ੍ਹੀ ਅਮਲੀ ਨੇ ਜੰਨ ਚੜ੍ਹਨਾ। ਜੁਅ੍ਹਾਜ ਤੋਂ ਤਾਂ ਇਹ ਇਉਂ ਡਰਦਾ ਜਿਮੇਂ ਸਿੰਗਾਂ ਆਲੀ ਬੱਕਰੀ ਤੋਂ ਕਤੂਰਾ ਡਰਦਾ ਹੁੰਦੈ। ਕੇਰਾਂ ਆਪਣੇ ਪਿੰਡ ਉੱਤੋਂ ਦੀ ਬਹੁਤ ਤੇਜੀ ਨਾਲ ਜੁਅ੍ਹਾਜ ਨੰਘ ਗਿਆ। ਜੁਅ੍ਹਾਜ ਨੀਮਾਂ ਵੀ ਬਹੁਤ ਸੀ। ਉਹ ਨੰਘਿਆ ਵੀ ਅਮਲੀ ਦੇ ਉੱਤੋਂ ਦੀ। ਜਦੋਂ ਜੁਅ੍ਹਾਜ ਨੰਘ ਗਿਆ ਇਹ ਗਾਹਾਂ ਆਲੀ ਅੰਦਰਲੀ ਸਬ੍ਹਾਤ ‘ਚ ਜਾ ਮੰਜੇ ‘ਤੇ ਪਿਆ। ਇਹਨੂੰ ਤਾਪ ਚੜ੍ਹ ਗਿਆ, ਬੁਰੇ ਹਾਲ। ਅੰਬੋਂ ਚਿੰਤੀ ਹਾਕਮ ਡਾਕਦਾਰ ਨੂੰ ਲੈ ਆਈ ਬਈ ਇਹਨੂੰ ਤਾਪ ਦੀ ਕੋਈ ਦੁਆ ਬੂਟੀ ਕਰਾ ਦਿਆਂ। ਜਦੋਂ ਡਾਕਦਾਰ ਨੇ ਅਮਲੀ ਨੂੰ ਪੁੱਛਿਆ ਬਈ ਕਿਮੇਂ ਚੜ੍ਹ ਗਿਆ ਤਾਪ ਤਾਂ ਅਮਲੀ ਕਹਿੰਦਾ ‘ਮੇਰੇ ਉੱਤੋਂ ਦੀ ਜੁਅ੍ਹਜ ਨੰਘ ਗਿਆ। ਅਕੇ ਡਾਕਦਾਰ ਕਹਿੰਦਾ ‘ਜੁਅ੍ਹਾਜ ਤਾਂ ਕਿੰਨਾਂ ਉੱਚਾ ਸੀ। ਨਾਲੇ ਉਹ ਕਿਹੜਾ ਤੈਨੂੰ ਟੈਰਾਂ ਥੱਲੇ ਦੇ ਗਿਆ’। ਅਕੇ ਅਮਲੀ ਕਹਿੰਦਾ ‘ਟੈਰਾਂ ਨੇ ਮੈਨੂੰ ਕੀ ਮਿੱਧਣਾ ਸੀ, ਪਰ ਉਹਦਾ ਧੂੰਆਂ ਤਾਂ ਮੇਰੀਆਂ ਨਾਸਾਂ ਨੂੰ ਚੜ੍ਹਿਆ ਈ ਐ ਨਾ’। ਇਉਂ ਇਹਦੇ ਨਾਲ ਹੋਈ ਸੀ ਬਾਬਾ।”
ਅਮਲੀ ਕਹਿੰਦਾ, ”ਡਰਦਾ ਡੁਰਦਾ ਤਾਂ ਨ੍ਹੀ ਮੈਂ, ਪਰ ਸਾਡੇ ਅਰਗੇ ਵਿਹਲੜਾਂ ਨੂੰ ਕਿਹੜਾ ਚੜ੍ਹਾਉਂਦੈ ਜੁਅ੍ਹਾਜਾਂ ‘ਤੇ ਝੁੱਗੇ ਸੁੱਥੂ ਆਲਿਆਂ ਨੂੰ। ਇਹ ਤਾਂ ਪਤਲੂਨਾਂ ਆਲੇ ਚੜ੍ਹਣਗੇ ਜੁਅ੍ਹਾਜ ‘ਤੇ ਤਾਂ ਤਾਏ ਰਤਨ ਸਿਉਂ ਫ਼ੌਜੀ ਅਰਗੇ।”
ਡੇਅਰੀ ਆਲੇ ਨਰੰਜਨ ਦਾ ਮੁੰਡਾ ਭੀਟਾ ਕਹਿੰਦਾ, ”ਜੰਨ ਤਾਂ ਕਹਿੰਦੇ ਆਪਣੇ ਅੱਧੇ ਪਿੰਡ ਨੂੰ ਕਹੀ ਬੈਠੇ ਐ। ਕੱਲ੍ਹ ਕਿਤੇ ਸੰਤੋਖਾ ਟਿੱਚਰੀ ਤੇ ਖੇਤ ਆਲਾ ਬਿਸ਼ਨ ਸਿਉਂ ਬੀਰੇ ਮਿਸਤਰੀ ਦੀ ਚੱਕੀ ‘ਤੇ ਆਹੀ ਗੱਲਾਂ ਕਰਦੇ ਸੀ ਹੈਲੀਕਪਟਰ ਜੁਅ੍ਹਜ ਦੀਆਂ। ਅਕੇ ਭੋਰਾ ਕੁ ਤਾਂ ਹੁੰਦਾ ਢਾਈ ਸੈ ਬੰਦਾ ਕਿੱਥੋਂ ਬਹਿ ਜੂ ਉਹਦੇ ‘ਚ। ਕੋਲ ਖੜ੍ਹਾ ਚੱਕੀ ਤੋਂ ਆਟਾ ਪਿਹਾਉਣ ਆਇਆ ਬਿਜਲੀ ਆਲਾ ਤਾਰਾ ਟਿੱਚਰਾਂ ਕਰੀ ਗਿਆ। ਅਕੇ ‘ਮਕੰਦ ਸਿਉਂ ਕੇ ਪ੍ਰਾਹੁਣੇ ਧਰਾਹੁਣੇ ਤੇ ਮਕੰਦ ਸਿਉਂ ਸਣੇ ਵਿਆਹ ਆਲਾ ਮੁੰਡਾ ਤਾਂ ਜੁਅ੍ਹਾਜ ‘ਚ ਸ਼ੀਂਟਾਂ ‘ਤੇ ਬਹਿ ਜਾਣਗੇ ਬਾਕੀ ਛੱਤ ਛੁੱਤ ‘ਤੇ ਬਹਿ ਬੂਹ ਕੇ ਜਾ ਵੜਣਗੇ। ਆਹ ਆਪਣੇ ਗੁਆੜ ਆਲੇ ਰੂਪੇ ਤੇ ਚੰਨੇ ਕਲੀਂਡਰ ਅਰਗਿਆਂ ਨੇ ਬਾਰੀਆਂ ਬੂਰੀਆਂ ਨੂੰ ਚਿੰਬਰ ਚੁੰਬੜ ਕੇ ਪਹੁੰਚ ਜਾਣੈ। ਇਹ ਤਾਂ ਰੋਡਵੇਜ ਬੱਸ ਦੀ ਕਲੀਂਡਰੀ ਕਰਦੇ ਕਰਦੇ ਜੀਂਦ ਰੋਹਤਕੋਂ ਮੁੜਿਆਉਂਦੇ ਐ, ਸੰਗਰੂਰਾਂ ਤਾਂ ਆਹ ਖੜ੍ਹੀਆਂ ਜਿੱਥੇ ਜੰਨ ਨੇ ਜਾਣੈ। ਦਸ ਬਾਰਾਂ ਕੁ ਕੋਹ ਹੋਣਗੀਆਂ ਕੁ ਨਹੀਂ ਬਾਬਾ?”
ਬਾਬਾ ਸਰਦਾਰ ਸਿਉਂ ਕਹਿੰਦਾ, ”ਗਾਹਾਂ ਆਲੀ ਗੱਲ ਵੀ ਦੱਸ ਦੇ ਜਿਹੜੀ ਗੱਲ ਸੁਣ ਕੇ ਬੀਰੇ ਦੇ ਪਿਉ ਨੇ ਸੰਤੋਖੇ ਅਰਗਿਆਂ ਨੂੰ ਪੰਜੀ ਦਾ ਭੌਣ ਦਖਾਇਆ ਸੀ।”
ਮਾਹਲੇ ਨੰਬਰਦਾਰ ਨੇ ਬਾਬੇ ਸਰਦਾਰਾ ਸਿਉਂ ਨੂੰ ਪੁੱਛਿਆ, ”ਉਹ ਕਿਹੜੀ ਗੱਲ ਐ ਸਰਦਾਰਾ ਸਿਆਂ?”
ਬਾਬਾ ਸਰਦਾਰਾ ਸਿਉਂ ਕਹਿੰਦਾ, ”ਏਸੇ ਨੂੰ ਈਂ ਪੁੱਛ ਲੈ।”
ਮਾਹਲਾ ਨੰਬਰਦਾਰ ਭੀਟੇ ਨੂੰ ਕਹਿੰਦਾ, ”ਕਿਉਂ ਬਈ ਭੀਟਾ ਸਿਆਂ ਕੀ ਗੱਲ ਓਏ?”
ਭੀਟਾ ਕਹਿੰਦਾ, ”ਜਦੋਂ ਜੁਅ੍ਹਾਜ ਦੀਆਂ ਗੱਲ ਕਰੀ ਜਾਂਦੇ ਸੀ ਤਾਂ ਸੰਤੋਖਾ ਕਿਤੇ ਕਹਿ ਬੈਠਾ ਬਈ ਜਦੋਂ ਵਿਆਹੁਲੇ ਮੁੰਡੇ ਆਲਾ ਜੁਅ੍ਹਾਜ ਸੰਗਰੂਰੀਂ ਜਾ ਉੱਤਰਿਆ ਫ਼ੇਰ ਤੁਰਨ ਬਾਕੀ ਦੇ ਜਾਨੀ। ਹੋਰ ਨਾ ਕਿਤੇ ਜੁਅ੍ਹਾਜ ਰਾਹ ‘ਚ ਉੱਡਿਆ ਜਾਂਦਾ ਪੈਂਚਰ ਹੋ ਕੇ ਕਿਸੇ ਸੂਏ ਕੱਸੀ ‘ਚ ਖਲਪਾੜਾ ਬਣਿਆਂ ਪਿਆ ਹੋਵੇ। ਜੁਅ੍ਹਾਜ ਆਲੇ ਹੱਥਪਤਾਲ ‘ਚ ਪਏ ਹੋਣ ਤੇ ਬਾਕੀ ਦੀ ਜੰਨ ਵਿਆਂਦੜ ਨੂੰ ਡੀਕੀ ਜਾਵੇ ਬਈ ਵਿਆਹ ਆਲਾ ਮੁੰਡਾ ਆਵੇ ਤੇ ਅਸੀਂ ਚਾਹ ਪਾਣੀ ਪੀਏ।”
ਸੂਬੇਦਾਰ ਰਤਨ ਸਿਉਂ ਨੇ ਭੀਟੇ ਨੂੰ ਪੁੱਛਿਆ, ”ਕਿਉਂ ਭੀਟਾ ਸਿਆਂ! ਜਦੋਂ ਇਹ ਗੱਲਾਂ ਹੋਈਆਂ ਤਾਂ ਬੀਰੇ ਕੇ ਬੁੜ੍ਹੇ ਨੇ ਖੌਂਸੜੇ ਨ੍ਹੀ ਲਾਏ ਸੰਤੋਖੇ ਅਰਗਿਆਂ ਦੇ?”
ਮਾਹਲਾ ਨੰਬਰਦਾਰ ਕਹਿੰਦਾ, ”ਜੇ ਸੰਤੋਖੇ ਦੇ ਚਾਰ ਘਸੁੰਨ ਪੈ ਵੀ ਜਾਂਦੇ ਤਾਂ ਫ਼ੇਰ ਕਿਹੜਾ ਓਹਨੂੰ ਸ਼ਰਮ ਆਉਣੀ ਸੀ ਭੋਰਾ। ਏਦੂੰ ਪਹਿਲਾਂ ਵੀਹ ਵਾਰੀ ਤਾਂ ਛਤਰੌਲ ਹੋਈ ਐ ਉਹਦੇ ‘ਤੇ। ਜੇ ਹੁਣ ਫ਼ੇਰ ਖੜਕ ਜਾਂਦੀ ਤੂੰਬੀ ਤਾਂ ਲੋਕਾਂ ਨੇ ਟਿੱਚਰਾਂ ਕਰ ਕਰ ਇਉਂ ਈਂ ਆਖਣਾ ਸੀ ‘ਏਨੇ ਨਾਲ ਬੰਦੇ ਦੀ ਪਿੰਡ ‘ਚ ਪਸਾਣ ਬਣੀ ਰਹਿੰਦੀ ਐ’।”
ਸੂਬੇਦਾਰ ਰਤਨ ਸਿਉਂ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਅੱਗੇ ਵੀ ਸੰਤੋਖੇ ਦੇ ਹਾਰ ਪਏ ਕਦੇ?”
ਨਾਥਾ ਅਮਲੀ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਵੀਹ ਵਾਰੀ ਕੰਡ ਝਾੜ ਹੋਈ ਐ ਇਹਦੀ। ਤੂੰ ਤਾਂ ਫ਼ੌਜੀਆ ਹੁਣ ਈ ਪਿਲਸਨ ਆਇਐਂ। ਜਦੋਂ ਤੂੰ ਫ਼ੌਜ ‘ਚ ਹੁੰਦਾ ਸੀ ਬਹੁਤ ਵਾਰੀ ਪਿੰਡ ‘ਚੋਂ ਕਿਸੇ ਨਾ ਕਿਸੇ ਨੇ ਇਹਦਾ ਆਲਾ ਬੁਘਦੂ ਖੜਕਾਇਆ। ਕਮਲ਼ ਤਾਂ ਇਨ੍ਹਾਂ ਦੇ ਸਾਰੇ ਟੱਬਰ ਚੀ ਏਨਾਂ, ਕੁੱਟ ਖਾਧੇ ਬਿਨਾਂ ਇਹ ਪੰਜ ਚਾਰ ਮਹੀਨੇ ਟਿੱਕਦੇ ਨ੍ਹੀ। ਆਹ ਜਦੋਂ ਬਾਹਰਲੇ ਡੇਰੇ ਆਲੇ ਸਾਧ ਦੇ ਚੇਲਿਆਂ ਨੇ ਕੁੱਟਿਆ ਨਾਹ, ਉਦੋਂ ਦਾ ਕੁਸ ਘਰੇ ਬੈਠਾ।”
ਸੀਤਾ ਮਰਾਸੀ ਕਹਿੰਦਾ, ”ਉਨ੍ਹਾਂ ਨੇ ਤਾਂ ਕਹਿੰਦੇ ਕੁੱਟ ਕੁੱਟ ਕੇ ਤੋਬਾ ਬਲਾ ‘ਤੀ ਸੀ।”
ਗੱਲਾਂ ਸੁਣੀ ਜਾਂਦਾ ਸੁਰਜਨ ਬੁੜ੍ਹਾ ਕਹਿੰਦਾ, ”ਓਸੇ ਈ ਕੰਮ ‘ਚ ਓਦੂੰ ਪਹਿਲਾਂ ਗੁਰਦੁਆਰੇ ਆਲੇ ਨਹਿੰਗ ਸਿੰਘਾਂ ਨੇ ਕੱਢੀਆਂ ਸੀ ਚਰੜ ਭੂੰਡੀਆਂ। ਨਹਿੰਗ ਸਿੰਘਾਂ ਨੇ ਕੁੱਟ ਕੱਟ ਕੇ ਮੱਕੀ ਦੇ ਟਾਂਡਿਆਂ ‘ਤੇ ਇਉਂ ਨੂੜ ਕੇ ਸਿੱਟ ‘ਤਾ ਜਿਮੇਂ ਵਹਿੜਕਾ ਸਿੰਗ ਦਾਗਣ ਵੇਲੇ ਢਾਹਿਆ ਹੁੰਦੈ।”
ਸੁਬੇਦਾਰ ਰਤਨ ਸਿਉਂ ਨੇ ਗੱਲ ਸੁਣਨ ਦੇ ਮਾਰੇ ਨੇ ਫ਼ੌਜੀ ਬੋਲੀ ਬੋਲ ਕੇ ਪੁੱਛਿਆ, ”ਸਾਰੀ ਬਾਤ ਬਤਾਉ ਯਾਰ ਕੈਸੇ ਬੀਤੀ ਸੀ ਸੰਤੰਖੀ ਸੇ।”
ਸੀਤਾ ਮਰਾਸੀ ਕਹਿੰਦਾ, ”ਸੰਤੋਖੀ ਨ੍ਹੀ ਫ਼ੌਜੀਆ, ਸੰਤੋਖਾ।”
ਸੂਬੇਦਾਰ ਕਹਿੰਦਾ, ”ਚਲੋ! ਸੰਤੋਖਾ ਹੋਣੈ, ਬਾਤ ਤੋ ਬਤਾਊ!”
ਨਾਥਾ ਅਮਲੀ ਸੂਬੇਦਾਰ ਦੇ ਗੋਡੇ ‘ਤੇ ਹੱਥ ਮਾਰਕੇ ਕਹਿੰਦਾ, ”ਲੈ ਫ਼ਿਰ ਸੁਣ ਲਾ ਫ਼ੌਜੀਆ ਸੰਤੋਖ ਕਹਾਣੀ। ਇਹ ਸੰਤੋਖਾ ਪਹਿਲਾਂ ਸ਼ਰਾਬ ਸ਼ਰੂਬ ਬਹੁਤ ਪੀਂਦਾ ਹੁੰਦਾ ਸੀ। ਆਪਣੇ ਪਿੰਡ ਦੇ ਓਧਰਲੇ ਗੁਆੜ ਆਲੇ ਧੰਨੇ ਤੇ ਤੇਜੂ ਅਰਗਿਆਂ ਨੇ ਚੱਕ ਚਕਾ ਕੇ ਸੰਤੋਖੇ ਨੂੰ ਅੰਮ੍ਰਿਤ ਛਕਾਅ ‘ਤਾ। ਅੰਮ੍ਰਿਤ ਛਕਣ ਤੋਂ ਬਾਅਦ ਇਹ ਕਿਤੇ ਆਥਣੇ ਜੇ ਵੱਗਾਂ ਕੁ ਵੇਲੇ ਮਾਝੀ ਕਿਆਂ ਆਲੇ ਪਾਸੇ ਧਰਮਸਾਲਾ ਆਲੀ ਸੱਥ ‘ਚ ਜਾ ਵੜਿਆ। ਓੱਥੇ ਕਿਤੇ ਬੱਲ੍ਹਿਆਂ ਦਾ ਮੱਲ ਇਹਨੂੰ ਕਹਿੰਦਾ ‘ਅੱਜ ਕਿਮੇਂ ਸੋਫ਼ੀ ਫ਼ਿਰਦੈਂ, ਹੁਣ ਨੂੰ ਤਾਂ ਸਰੀਰ ਬੱਝਿਆ ਹੋਣਾ ਸੀ’। ਇਹ ਸੰਤੋਖਾ ਉਹਨੂੰ ਕਹਿੰਦਾ ‘ਹੁਣ ਮੈਂ ਅੰਮ੍ਰਿਤ ਛਕ ਲਿਆ, ਸਾਰੇ ਨਸ਼ੇ ਪਾਣੀ ਬੰਦ ਐ। ਹੁਣ ਤਾਂ ਸਵਾ ਮੀਟਰ ਆਲਾ ਕਛਹਿਰਾ ਪਾ ਕੇ ਰੱਖੀਦਾ’। ਓੱਥੇ ਕਿਤੇ ਧਰਮਸਾਲਾ ‘ਚ ਠੇਕੇਦਾਰਾਂ ਦਾ ਜੱਗਾ ਚਹੇਡੀ ਬੈਠਾ ਸੀ। ਉਹਦਾ ਤੈਨੂੰ ਪਤਾ ਈ ਐ ਬਈ ਐਹੋ ਜੀ ਚਹੇਡ ਕਰੂ, ਅਗਲੇ ਦੇ ਥੰਮ ਹਲਾ ਕੇ ਰੱਖ ਦਿੰਦਾ। ਉਹ ਜੱਗਾ ਇਹਨੂੰ ਸੰਤੋਖੇ ਨੂੰ ਕਹਿੰਦਾ ‘ਸਾਨੂੰ ਕੀ ਪਤਾ ਬਈ ਕਛਹਿਰਾ ਸਵਾ ਮੀਟਰ ਦਾ। ਖਬਰਾ ਪੌਣੇ ਮੀਟਰ ਤੋਂ ਵੀ ਘੱਟ ਦਾ ਬਣਾਇਆ ਹੋਵੇ। ਲਾਹ ਕੇ ਵਖਾ। ਜਦੋਂ ਜੱਗੇ ਦੀ ਗੱਲ ਧਰਮਸਾਲਾ ‘ਚ ਬੈਠੇ ਨੱਥੂ ਬਿੰਬਰ ਨੇ ਸੁਣੀ ਤਾਂ ਉਹ ਕਹਿੰਦਾ ‘ਚੱਲੋ ਓਏ ਉੱਠੋ ਘਰ ਨੂੰ ਚੱਲੋ, ਹੁਣ ਤਾਂ ਸੂਰਜ ਵੀ ਛਿਪ ਗਿਆ। ਉਹਨੇ ਸਾਰੇ ਠਾਅ ਕੇ ਘਰ ਨੂੰ ਭੇਜ ‘ਤੇ। ਅਗਲੇ ਦਿਨ ਸੰਤੋਖੇ ਨੇ ਸੋਚਿਆ ਬਈ ਕਛਹਿਰਾ ਘਰੇ ਮਿਣ ਕੇ ਜਾਮਾਂ ਧਰਮਸਾਲਾ ‘ਚ ਬਈ ਕਿੰਨੇ ਮੀਟਰ ਦਾ। ਸੰਤੋਖੇ ਨੇ ਕਛਹਿਰਾ ਲਾਹ ਕੇ ਮਿਣ ਲਿਆ ਬਈ ਸਵਾ ਮੀਟਰ ਦਾ ਈ ਐ। ਕਛਹਿਰਾ ਮਿਣ ਤਾਂ ਲਿਆ ਕਮਲ਼ੇ ਡੰਗਰ ਨੇ, ਤੇੜ ਪਾਉਣ ਭੁੱਲ ਗਿਆ। ਮਿਣਤੀ ਕਰ ਕੇ ਧਰਮਸਾਲਾ ਨੂੰ ਚੱਲ ਪਿਆ, ਕਛਹਿਰਾ ਘਰੇ ਈ ਪਿਆ ਰਹਿ ਗਿਆ। ਓਮੇਂ ਈ ਚੋਲਾ ਪਾ ਕੇ ਵੱਗਾਂ ਵੇਲੇ ਜਾ ਖੜ੍ਹਿਆ ਧਰਮਸਾਲਾ ‘ਚ ਜੱਗੇ ਚਹੇਡੀ ਦੇ ਸਰ੍ਹਾਣੇ। ਓਦਣ ਕਿਤੇ ਬੰਦੇ ਵੀ ਧਰਮਸਾਲਾ ‘ਚ ਬਹੁਤ ਬੈਠੇ ਸੀ। ਜਦੋਂ ਸੰਤੋਖਾ ਧਰਮਸਾਲਾ ‘ਚ ਪਹੁੰਚਿਆ ਤਾਂ ਜੱਗੇ ਚਹੇਡੀ ਮੂਹਰੇ ਖੜ੍ਹ ਕੇ ਮੂਹਰੋਂ ਚੋਲ਼ਾ ਚੱਕ ਕੇ ਕਹਿੰਦਾ ‘ਆਹ ਵੇਖ ਓਏ ਟਿਚਰੀਆ ਕਛਹਿਰਾ। ਸਵਾ ਮੀਟਰ ਤੋਂ ਵੱਡਾ ਈ ਐ। ਜਦੋਂ ਸੰਤੋਖੇ ਨੇ ਮੂਹਰੋਂ ਚੋਲ਼ਾ ਚੱਕਿਆ ਤਾਂ ਸੰਤੋਖਾ ਨੰਗਾ ਹੋ ਗਿਆ। ਸੱਥ ਆਲਿਆਂ ਨੇ ਢਾਹ ਲਿਆ ਫ਼ਿਰ ਲੰਡੇ ਬੋਕ ਆਂਗੂੰ। ਕੁੱਟ ਕੁੱਟ ਕੇ ਤੂੜੀ ਨਾਲ ਭਰੀ ਪਾਟੀ ਬੋਰੀ ਅਰਗਾ ਕਰ ‘ਤਾ ਮਾਰ ਮਾਰ ਘਸੁੰਨ। ਜੀਹਨੇ ਕਦੇ ਕੁੱਤੇ ਦੇ ਵੀ ਰੋੜੀ ਮਨ੍ਹੀ ਸੀ ਮਾਰੀ, ਉਹ ਵੀ ਸੰਤੋਖੇ ਦੇ ਘਸੁੰਨ ਚਪੇੜਾਂ ਮਾਰ ਗਿਆ। ਇਉਂ ਸੰਤੋਖੇ ਨਾਲ ਹੋਈ। ਪਤੰਦਰ ਨੰਗਾ ਈ ਤੁਰਿਆ ਫ਼ਿਰਦਾ ਰਿਹੈ।”
ਨਾਥੇ ਅਮਲੀ ਦੀ ਗੱਲ ਕੱਟ ਕੇ ਮਾਹਲਾ ਨੰਬਰਦਾਰ ਕਹਿੰਦਾ, ”ਕੇਰਾਂ ਗੁਰਦੁਆਰੇ ਆਲੇ ਨਹਿੰਗਾਂ ਨੇ ਵੀ ਕਾਟੋ ਕਿੱਕਰ ਤੋਂ ਲਾਹ ‘ਤੀ ਸੀ ਸੰਤੋਖੇ ਦੀ। ਉਦੋਂ ਡੂਢ ਦੋ ਮਹੀਨੇ ਸਕੀਰੀ ‘ਚੋਂ ਈਂ ਨ੍ਹੀ ਸੀ ਮੁੜਿਆ।”
ਨਾਥਾ ਅਮਲੀ ਹੱਥ ‘ਤੇ ਹੱਥ ਮਾਰ ਕੇ ਨੰਬਰਦਾਰ ਨੂੰ ਕਹਿੰਦਾ, ”ਓਦੋਂ ਤਾਂ ਤਾਇਆ ਨੰਬਰਦਾਰਾ ਸੰਤੋਖੇ ਨਾਲ ਭੈੜੀ ਵੀ ਬਾਹਲੀ ਹੋਈ ਸੀ।”
ਬਾਬਾ ਸਰਦਾਰਾ ਸਿਉਂ ਕਹਿੰਦਾ, ”ਹੁਣ ਉਹ ਵੀ ਪਟਾਰੀ ਖੋਹਲ ਦੇ ਅਮਲੀਆ ਲੱਗਦੇ ਹੱਥ।”
ਅਮਲੀ ਕਹਿੰਦਾ, ”ਇੱਕ ਦਿਨ ਸੰਤੋਖੇ ਤੋਂ ਸਵੇਰੇ ਉੱਠਣ ‘ਚ ਕਵੇਲਾ ਹੋ ਗਿਆ। ਅੱਗੇ ਤਾਂ ਮੂੰਹ ‘ਨੇਰ੍ਹੇ ਜਾਂਦਾ ਹੁੰਦਾ ਸੀ ਗੁਰਦੁਆਰੇ। ਓੱਦਣ ਕਿਤੇ ਉੱਠਣ ‘ਚ ਦੇਰੀ ਹੋਗੀ। ਕਾਹਲੀ ਕਾਹਲੀ ਉੱਠਿਆ, ਦਬੜੂ ਘੁਸੜੂ ਜਾ ਕਰ ਕੇ ਪਿੰਡੇ ‘ਤੇ ਡੋਹਲ ਕੇ ਪਾਣੀ, ਗੁਰਦੁਆਰੇ ਨੂੰ ਭੱਜ ਲਿਆ। ਕਛਹਿਰਾ ਓੱਦਣ ਵੀ ਪਾਉਣਾ ਭੁੱਲ ਗਿਆ। ਜੇਠ ਹਾੜ੍ਹ ਦੇ ਦਿਨ ਸੀ। ਗਰਮੀ ਵੀ ਬਹੁਤ ਬਾਹਲ਼ੀ ਸੀ। ਨਾਲੇ ਤਾਂ ਗੁਰਦੁਆਰੇ ਵੱਲ ਨੂੰ ਵਗਿਆ ਜਾਵੇ, ਨਾਲੇ ਮੂਹਰੋਂ ਚੋਲ਼ਾ ਚੱਕ ਚੱਕ ਮੂੰਹ ਨੂੰ ਹਵਾ ਝੱਲਦਾ ਜਾਵੇ। ਜਦੋਂ ਚੋਲਾ ਚੱਕਿਆ ਕਰੇ ਸੰਤੋਖਾ ਨੰਗਾ ਹੋ ਜਿਆ ਕਰੇ। ਰਾਹ ਖਹਿੜੇ ਜਾਣ ਆਉਣ ਆਲੇ ਲੋਕ ਸੰਤੋਖੇ ਨੂੰ ਨੰਗਾ ਹੁੰਦੇ ਨੂੰ ਵੇਖ ਵੇਖ ਹੱਸੀ ਜਾਣ। ਜਦੋਂ ਗੁਰਦੁਆਰਿਉਂ ਮੱਥਾ ਟੇਕ ਕੇ ਮੁੜਣ ਲੱਗਿਆ ਤਾਂ ਇੱਕ ਨਹਿੰਗ ਸਿੰਘ ਨੇ ਕਿਤੇ ਵੇਖ ਲਿਆ ਬਈ ਇਹ ਲੋਕਾਂ ਨੂੰ ਨੰਗਾ ਹੋ ਹੋ ਵਖਾਉਂਦਾ। ਉਹ ਸੰਤੋਖੇ ਨੂੰ ਲੰਗਰ ਦੇ ਨਾਲ ਦੇ ਕਮਰੇ ‘ਚ ਲੈ ਗਿਆ। ਤਿੰਨ ਚਾਰ ਨਹਿੰਗ ਉਹਨੇ ਹੋਰ ਸੱਦ ਲੇ। ਮਾਰ ਮਾਰ ਲਫ਼ੇੜੇ ਸੰਤੋਖੇ ਦਾ ਮੂੰਹ ਘਮਾ ‘ਤਾ। ਕਹਿੰਦੇ ਸਾਲਿਆ ਨੰਗਾ ਈ ਫ਼ਿਰਦੈਂ ਓਏ। ਉਦੋਂ ਵੀ ਬਹੁਤ ਕੁੱਟ ਪਈ ਸੀ ਇਹਦੇ।”
ਗੱਲਾਂ ਕਰਦਿਆਂ ਨੂੰ ਦਿਨ ਛਿਪ ਗਿਆ ਵੇਖ ਕੇ ਬਾਬਾ ਸਰਦਾਰਾ ਸਿਉਂ ਕਹਿੰਦਾ, ”ਚਲੋ ਯਾਰ ਹੁਣ ਤਾਂ ਦਰਿਆ ਵੀ ਖੜ੍ਹ ਗੇ, ਚੱਲੋ ਘਰਾਂ ਨੂੰ ਚੱਲੀਏ।”
ਬਾਬੇ ਦਾ ਹੁਕਮ ਮੰਨ ਕੇ ਸਾਰੇ ਸੱਥ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਪਏ।