ਬਿਜ਼ਨਸ ਡੈਸਕ — ਫੇਸਬੁੱਕ ਦੇ ਬਾਨੀ ਮਾਰਕ ਜਕਰਬਰਗ, ਵਾਰਨ ਬਫੇਟ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਅਰਬਨੀਅਰ ਇੰਡੈਕਸ ਦੇ ਅਨੁਸਾਰ, ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਹੀ ਇਸ ਸਮੇਂ ਜਕਰਬਰਗ ਤੋਂ ਅੱਗੇ ਹਨ।
ਵਾਰੇਨ ਬਫੇ ਨੂੰ ਛੱਡਿਆ ਪਿੱਛੇ
ਸ਼ੁੱਕਰਵਾਰ ਨੂੰ ਫੇਸਬੁੱਕ ਦੇ ਸ਼ੇਅਰਾਂ ਵਿਚ 2.4 ਫੀਸਦੀ ਦੇ ਹੋਏ ਵਾਧੇ ਕਾਰਨ ਜਕਰਬਰਗ ਦੀ ਜਾਇਦਾਦ ਵਿਚ ਵਾਧਾ ਹੋਇਆ ਹੈ। ਜਕਰਬਰਗ ਦੀ ਜਾਇਦਾਦ ਵਾਰੇਨ ਬਫੇ ਤੋਂ 2536.4 ਕਰੋੜ ਰੁਪਏ ਜ਼ਿਆਦਾ ਹੋ ਗਈ ਹੈ। ਇਸ ਸਮੇਂ ਜਕਰਬਰਗ ਦੀ ਕੁੱਲ ਜਾਇਦਾਦ 8160 ਕਰੋੜ ਡਾਲਰ(5.55 ਲੱਖ ਕਰੋੜ ਰੁਪਏ) ਹੈ। ਜ਼ਿਕਰਯੋਗ ਹੈ ਕਿ ਵਾਰੇਨ ਬਫੇ ਦੁਨੀਆ ਦੇ ਸਭ ਤੋਂ ਕਾਮਯਾਬ ਨਿਵੇਸ਼ਕ ਹਨ। ਉਨ੍ਹਾਂ ਨੇ ਕੰਪਨੀਆਂ ਦੇ ਸ਼ੇਅਰਾਂ ਵਿਚ ਨਿਵੇਸ਼ ਕਰਕੇ ਬਹੁਤ ਸਾਰਾ ਪੈਸਾ ਕਮਾਇਆ ਹੈ। ਉਨ੍ਹਾਂ ਦੀ ਕੰਪਨੀ ਦਾ ਨਾਮ ਬਰਕਸ਼ਾਇਰ ਹੈਥਵੇ ਹੈ।
ਸਾਲ ਦੀ ਸ਼ੁਰੂਆਤ ਵਿਚ ਜਕਰਬਰਗ ਨੂੰ ਹੋਇਆ ਸੀ ਨੁਕਸਾਨ
ਡਾਟਾ ਲੀਕ ਮਾਮਲੇ ਤੋਂ ਬਾਅਦ ਫੇਸਬੁੱਕ ਦੇ ਸ਼ੇਅਰ 15 ਫੀਸਦੀ ਤੱਕ ਟੁੱਟ ਗਏ ਸਨ ਅਤੇ ਜਕਰਬਰਗ ਅਮੀਰਾਂ ਦੀ ਸੂਚੀ ਵਿਚ ਸੱਤਵੇਂ ਨੰਬਰ ‘ਤੇ ਆ ਗਏ ਸਨ। ਪਰ ਇਸ ਤੋਂ ਬਾਅਦ ਫੇਸਬੁੱਕ ਨੇ ਡਾਟਾ ਲੀਕ ਨੂੰ ਲੈ ਕੇ ਸਖਤ ਕਦਮ ਚੁੱਕਣ ਦਾ ਭੋਰਸਾ ਦਿੱਤਾ ਜਿਸ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਵਧਿਆ। ਜਿਸ ਤੋਂ ਬਾਅਦ ਲਗਾਤਾਰ ਤੇਜ਼ੀ ਨਾਲ ਸ਼ੇਅਰਾਂ ਦੇ ਵਧਣ ਦਾ ਸਿਲਸਿਲਾ ਜਾਰੀ ਹੈ।