ਦਹੀਂ ‘ਚ ਪ੍ਰੋਟੀਨ, ਮਿਨਰਲਜ਼ ਅਤੇ ਵਾਇਟਾਮਿਨ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਲੋਅ ਫ਼ੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ, ਇਸ ਤੋਂ ਇਲਾਵਾ ਇਹ ਚਮੜੀ ਅਤੇ ਵਾਲਾਂ ਨੂੰ ਮੁਲਾਇਮ ਕਰਨ ‘ਚ ਮਦਦ ਕਰਦਾ ਹੈ। ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਡਾਈਜੈਸ਼ਨ ਸਿਸਟਮ ਚੰਗਾ ਹੋਣ ਦੇ ਨਾਲ-ਨਾਲ ਭੁੱਖ ਵੀ ਜ਼ਿਆਦਾ ਲੱਗਦੀ ਹੈ। ਇਸ ਲਈ ਦਹੀਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ। ਇਸ ਹਫ਼ਤੇ ਅਸੀਂ ਤੁਹਾਨੂੰ ਦਹੀਂ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ …
ਬਿਹਤਰ ਪਾਚਨ ਕਿਰਿਆ – ਦਸਤ ਲੱਗਣ ‘ਤੇ ਦਹੀਂ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ ਕਿਉਂਕਿ ਇਸ ‘ਚ ਮੌਜੂਦ ਬੈਕਟੀਰੀਆ ਦੀਆਂ ਚੰਗੀਆਂ ਪ੍ਰਜਾਤੀਆਂ ਲੈਕਟੋਬੈਸਿਲਸ ਅਤੇ ਸਟ੍ਰੈਟੋਕੋਕਸ ਮੌਜੂਦ ਹੁੰਦੀਆਂ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ‘ਚ ਸਹਾਈ ਹਨ। ਇਸ ਤੋਂ ਇਲਾਵਾ ਦਹੀਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਭਾਰ ਘੱਟ ਕਰਨ ‘ਚ ਮਦਦ ਕਰੇ – ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫ਼ੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਲੋਅ ਫ਼ੈਟ ਵਾਲਾ ਦਹੀਂ ਨਾ ਸਿਰਫ਼ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਨਾਲ ਭਾਰ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ।
ਦਿਲ ਨੂੰ ਰੱਖੇ ਸਿਹਤਮੰਦ – ਦਹੀਂ ਦੀ ਵਰਤੋਂ ਨਾਲ ਸ਼ਰੀਰ ‘ਚੋਂ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਹਾਰਟ ਸੰਬੰਧੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਦਹੀਂ ਖਾਣ ਨਾਲ 10 ਪ੍ਰਤੀਸ਼ਤ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ, ਅਤੇ ਇਹ ਦਿਲ ਦੀ ਧੜਕਣ ਨੂੰ ਸਹੀ ਬਣਾਈ ਰੱਖਦਾ ਹੈ। ਪ੍ਰੋਬਾਇਓਟਿਕ ਦਹੀਂ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਡਾਇਬਿਟੀਜ਼ ਦੇ ਮਰੀਜ਼ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਕੈਂਸਰ – ਦਹੀਂ ‘ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਨੂੰ ਰੋਕਣ ‘ਚ ਮਦਦ ਕਰਦੇ ਹਨ ਅਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ।
ਹੱਡੀਆਂ ਨੂੰ ਮਜ਼ਬੂਤ ਕਰੇ – ਦਹੀਂ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਦੰਦਾਂ ਅਤੇ ਨਹੁੰਆਂ ਨੂੰ ਵੀ ਮਜ਼ਬੂਤ ਕਰਦਾ ਹੈ। ਦਹੀਂ ਖਾਣ ਨਾਲ ਮਾਸਪੇਸ਼ੀਆਂ ਵੀ ਸਹੀ ਢੰਗ ਨਾਲ ਕੰਮ ਕਰਦੀਆਂ ਹਨ।