ਨਾਭਾ — ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ‘ਡੋਪ ਟੈਸਟ’ ਕਰਵਾਉਣ ਤੋਂ ਕੀਤੀ ਮਨਾਹੀ ‘ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਿਸ਼ਾਨਾ ਵਿੰਨ੍ਹਿਆਂ ਹੈ। ਉਨ੍ਹਾਂ ਕਿਹਾ ਕਿ ਡੋਪ ਟੈਸਟ ਲਾਜ਼ਮੀ ਨਹੀਂ ਹੈ ਪਰ ਸੁਖਬੀਰ ਬਾਦਲ, ਬੀਬੀ ਹਰਸਿਮਰਤ ਬਾਦਲ ਤੇ ਚੰਦੂਮਾਜਰਾ ਦੇ ਡੋਪ ਟੈਸਟ ਤੋਂ ਇਨਕਾਰ ਨੇ ਇਨ੍ਹਾਂ ਨੂੰ ਸ਼ੱਕ ਦੇ ਘੇਰੇ ‘ਚ ਜ਼ਰੂਰ ਖੜ੍ਹਾ ਕਰ ਦਿੱਤਾ ਹੈ। ਧਰਮਸੋਤ ਨੇ ਕਿਹਾ ਕਿ ਮੈਂ ਡੋਪ ਟੈਸਟ ਕਰਵਾਉਣ ਲਈ ਹਰ ਵਕਤ ਤਿਆਰ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ੇ ਨੂੰ ਚਾਰ ਹਫਤਿਆਂ ਵਿਚ ਖਤਮ ਕਰਨ ਦੀ ਸਹੁੰ ਚੁੱਕੀ ਸੀ ਅਤੇ ਉਹ ਹੁਣ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨਾਂ ‘ਤੇ ਦਿੱਤੇ ਗਏ ਡੋਪ ਟੈਸਟ ਕਰਵਾਉਣ ਵਾਲੇ ਬਿਆਨ ‘ਤੇ ਬੋਲਦੇ ਹੋਏ ਧਰਮਸੋਤ ਨੇ ਕਿਹਾ ਕਿ ਕਿਸਾਨ ਡੋਪ ਟੈਸਟ ਕਿਉਂ ਕਰਵਾਉਣ ਉਹ ਪਹਿਲਾਂ ਅਪਣਾ ‘ਡੋਪ ਟੈਸਟ’ ਕਰਵਾਉਣ। ਦੱਸ ਦਈਏ ਕਿ ਬੀਤੇ ਦਿਨੀਂ ਚੰਦੂਮਾਜਰਾ ਨੇ ਪਾਰਟੀ ਦੇ ਬਾਕੀ ਆਗੂਆਂ ਨੂੰ ਡੋਪ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।