ਡਾ. ਮਨਜੀਤ ਸਿੰਘ ਬੱਲ
ਕੈਂਸਰ ਨੂੰ ਭਾਵੇਂ ਘਾਤਕ ਰੋਗ ਸਮਝਿਆ ਜਾਂਦਾ ਹੈ ਫ਼ਿਰ ਵੀ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇਕਰ ਇਸ ਦਾ ਮੁੱਢਲੀ ਸਟੇਜ ‘ਤੇ ਪਤਾ ਲਗਾ ਲਿਆ ਜਾਵੇ ਤਾਂ ਕਾਫ਼ੀ ਹੱਦ ਤਕ ਇਸ ਦਾ ਇਲਾਜ ਸੰਭਵ ਹੈ। ਕੈਂਸਰ (ਭਾਵੇਂ ਕਿਸੇ ਵੀ ਅੰਗ ਤੋਂ ਉਤਪੰਨ ਹੋਇਆ ਹੋਵੇ) ਦੀ ਗਿਲਟੀ ਨੂੰ ਅਣਗੌਲਿਆ ਕਰ ਕੇ ਜਾਂ ਨੀਮ-ਹਕੀਮਾਂ ਜਾਂ ਟੂਣੇ-ਟਪਾਣਿਆਂ ਦੇ ਚੱਕਰ ਵਿੱਚ ਪੈ ਕੇ ਕਈ ਰੋਗੀ, ਸਮਾਂ ਗਵਾ ਕੇ ਮਾਹਿਰ ਡਾਕਟਰ ਕੋਲ ਪੁੱਜਦੇ ਹਨ। ਓਦੋਂ ਤਕ ਇਹ ਦੂਸਰੇ ਅੰਗਾਂ ਵਿੱਚ ਫ਼ੈਲ ਚੁੱਕਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇਲਾਜ ਦੇ ਬਾਵਜੂਦ ਵੀ ਜ਼ਿੰਦਗੀ ਜ਼ਿਆਦਾ ਸਮਾਂ ਨਹੀਂ ਰਹਿੰਦੀ। ਲੇਖਕ ਦੇ ਨਿੱਜੀ ਤਜਰਬੇ ਮੁਤਾਬਿਕ ਔਰਤਾਂ ਦੀ ਛਾਤੀ ਅਤੇ ਬੱਚੇ ਦਾਨੀ ਦੇ, ਅਤੇ ਮਰਦਾਂ ਵਿੱਚ ਅੰਤੜੀਆਂ ਦੇ ਕੈਂਸਰ ਦੇ ਬਹੁਤ ਰੋਗੀ ਅਜਿਹਾ ਹਨ ਜਿਨ੍ਹਾਂ ਨੇ ਸਮੇਂ ਸਿਰ ਅਰਥਾਤ ਮੁਢਲੀ ਸਟੇਜ ‘ਤੇ ਇਲਾਜ ਕਰਵਾ ਲਿਆ ਸੀ, ਉਹ ਬਿਲਕੁਲ ਆਮ ਲੋਕਾਂ ਵਾਂਗ ਹੀ ਅੱਜ ਵੀ ਜੀ ਰਹੇ ਹਨ।
ਕੈਂਸਰ ਦੇ ਇਲਾਜ ਵਜੋਂ ਸਰਜਰੀ, ਦਵਾਈਆਂ, ਬਿਜਲੀ ਲਵਾਉਣੀ, ਆਦਿ ਪ੍ਰਚਲਤ ਹਨ। ਬਿਜਲੀ ਲਵਾਉਣੀ ਸਿਰਫ਼ ਆਮ ਲੋਕਾਂ ਨੂੰ ਸਮਝਾਉਣ ਵਾਸਤੇ ਹੈ, ਇਹ ਕੋਈ ਕਰੰਟ ਨਹੀਂ ਹੁੰਦਾ, ਐਕਸ-ਰੇ ਵਾਂਗ ਕਿਰਣਾਂ ਰਾਹੀਂ ਇਲਾਜ ਹੁੰਦਾ ਹੈ। ਇਹ ਕਿਰਣਾਂ ਇੱਕ ਮਿਥੇ ਹੋਏ ਪ੍ਰੋਗਰਾਮ ਅਤੇ ਡੋਜ਼ ਅਨੁਸਾਰ ਕੈਂਸਰ ਵਾਲੇ ਹਿੱਸੇ ‘ਚੋਂ ਲੰਘਾਈਆਂ ਜਾਂਦੀਆਂ ਹਨ।
ਜਦ ਮਰੀਜ਼ ਨੂੰ ਇਹ ਪਤਾ ਲਗਦਾ ਹੈ ਕਿ ਉਸ ਨੂੰ ਕੈਂਸਰ ਹੋ ਗਿਆ ਹੈ ਤਾਂ ਮੌਤ ਦਾ ਖ਼ੌਫ਼, ਫ਼ਿਕਰ, ਉਦਾਸੀ ਅਤੇ ਹੀਣ-ਭਾਵਨਾ ਕਰ ਕੇ, ਉਸ ਦਾ ਦਿਲ ਡੁੱਬਣ ਲਗਦਾ ਹੈ ਅਤੇ ਸੋਚਾਂ ਢਹਿੰਦੀਆਂ ਕਲਾ ਵੱਲ ਜਾਣ ਲਗਦੀਆਂ ਹਨ। ਸ਼ਰੀਰ ਕਿਰ-ਕਿਰ ਪੈਂਦਾ ਹੈ ਅਤੇ ਕਿਸੇ ਵੀ ਕੰਮ ਨੂੰ ਦਿਲ ਨਹੀਂ ਕਰਦਾ। ਕੈਂਸਰ ਦੇ ਕਸ਼ਟ ਨਾਲੋਂ ਵਧੇਰੇ ਕਸ਼ਟ ਦੇਂਦੇ ਹਨ ਇਸ ਦੇ ਇਲਾਜ ਦੇ ਤਰੀਕੇ। ਕੈਂਸਰ ਵਿੱਚ ਦਰਦ ਨਹੀਂ ਬਲਕਿ ਥਕਾਵਟ ਅਤੇ ਕਮਜ਼ੋਰੀ ਮੁੱਖ ਸਮੱਸਿਆਵਾਂ ਹੁੰਦੀਆਂ ਹਨ ਜੋ ਰੋਗੀਆਂ ਦੇ ਜੀਵਨ ਨੂੰ ਬਦਤਰ ਬਣਾਈ ਰੱਖਦੀਆਂ ਹਨ। 419 ਕੈਂਸਰ ਰੋਗੀ ਅਤੇ 197 ਡਾਕਟਰਾਂ ‘ਤੇ ਆਧਾਰਿਤ ਇੱਕ ਸਰਵੇਖਣ ਅਨੁਸਾਰ 61 ਕੈਂਸਰ ਰੋਗੀਆਂ ਵਿੱਚ ਥਕਾਵਟ ਕਾਰਨ ਕੰਮ ਕਰਨ ਦੀ ਯੋਗਤਾ ਪ੍ਰਭਾਵਿਤ ਹੁੰਦੀ ਹੈ ਜਦ ਕਿ 57 ਪ੍ਰਤੀਸ਼ਤ ਵਿੱਚ ਥਕਾਵਟ ਅਤੇ ਕਮਜ਼ੋਰੀ, ਉਨ੍ਹਾਂ ਦੀ ਜ਼ਿੰਦਗੀ ਦਾ ਸਵਾਦ ਹੀ ਖ਼ਰਾਬ ਕਰ ਦਿੰਦੀਆਂ ਹਨ। ਕਈ ਰੋਗੀ ਇਨ੍ਹਾਂ ਸਮੱਸਿਆਵਾਂ ਤੋਂ ਇੰਨੇ ਤੰਗ ਆ ਜਾਂਦੇ ਹਨ ਕਿ ਉਹ ਇਹੀ ਸੋਚਦੇ ਰਹਿੰਦੇ ਹਨ ਕਿ ਮੌਤ ਕਦ ਆਵੇਗੀ।
ਕੈਂਸਰ ਦੇ ਮਾਹਿਰ ਡਾਕਟਰ, ਆਮ ਕਰਕੇ, ਮਰੀਜ਼ਾਂ ਨੂੰ ਇਸ ਰੋਗ ਕਾਰਨ ਹੋਈ ਥਕਾਵਟ ਅਤੇ ਕਮਜ਼ੋਰੀ ਨੂੰ ਕੋਈ ਮਹੱਤਤਾ ਨਹੀਂ ਦੇਂਦੇ ਅਤੇ ਨਾ ਇਸ ਬਾਰੇ ਦੱਸਦੇ ਹਨ। ਰੋਗੀ ਅਤੇ ਡਾਕਟਰ ਸੋਚਦੇ ਹਨ ਕਿ ਇਨ੍ਹਾਂ ਸਮੱਸਿਆਵਾਂ ਦਾ ਕੁੱਝ ਨਹੀਂ ਕੀਤਾ ਜਾ ਸਕਦਾ। ਕਈ ਰੋਗੀਆਂ ਦੀ ਇਹ ਵੀ ਧਾਰਨਾ ਹੈ ਕਿ ਇਨ੍ਹਾਂ ਤਕਲੀਫ਼ਾਂ ਨੂੰ ਜੱਰਿਆ ਹੀ ਜਾਣਾ ਚਾਹੀਦਾ ਹੈ, ਪਰ ਛਾਤੀ ਦੇ ਕੈਂਸਰ ਤੋਂ ਪੀੜਤ ਇੱਕ ਮਹਿਲਾ ਡਾਕਟਰ ਦਾ ਵਿਚਾਰ ਹੈ ਕਿ ਅਜਿਹਾ ਸਮਝੌਤਾ ਕਰ ਲੈਣ ਵਾਲੀ ਗੱਲ ਗ਼ਲਤ ਹੈ। ਆਪਣੇ ਕਈ ਔਪਰੇਸ਼ਨਾਂ ਕਾਰਨ ਭਾਵੇਂ ਉਸ ਨੂੰ ਆਪਣੀ ਪ੍ਰੈਕਟਿਸ ਬੰਦ ਕਰਨੀ ਪਈ, ਫ਼ਿਰ ਵੀ ਉਹ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਆਪਣੇ ਪਤੀ ਦਾ ਪੂਰਾ ਸਾਥ ਨਿਭਾਅ ਰਹੀ ਹੈ। ਡਾਕਟਰ ਹੋਣ ਦੇ ਨਾਤੇ, ਆਪਣੇ ਨਿੱਜੀ ਤਜਰਬੇ ਅਨੁਸਾਰ ਉਹ ਦੱਸਦੀ ਹੈ, ”ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੁੱਝ ਉਪਰਾਲੇ ਕੀਤੇ ਜਾ ਸਕਦੇ ਹਨ। ਹੋ ਸਕਦਾ ਹੈ ਕਿ ਥੌਇਰੌਇਡ ਹੌਰਮੋਨਜ਼ ਦੀ ਕਮੀ ਹੋ ਗਈ ਹੋਵੇ; ਜਾਂ ਖ਼ੂਨ ਦੇ ਲਾਲ ਜਾਂ ਚਿੱਟੇ ਸੈੱਲ ਘਟ ਗਏ ਹੋਣ। ਵੱਖ-ਵੱਖ ਟੈੱਸਟਾਂ ਨਾਲ ਇਨ੍ਹਾਂ ਕਮੀਆਂ ਦਾ ਪਤਾ ਲਗਾ ਕੇ ਕੁੱਝ ਨਾ ਕੁੱਝ ਇਲਾਜ ਤਾਂ ਜ਼ਰੂਰ ਕੀਤਾ ਜਾ ਸਕਦਾ ਹੈ। ਥੌਇਰੌਇਡ ਹਾਰਮੋਨ ਜਾਂ ਖੂਨ ਦੇ ਲਾਲ ਜਾਂ ਚਿੱਟੇ ਸੈੱਲਾਂ ਦੀ ਕਮੀ ਨਾਲ ਜ਼ਰੂਰ ਕਮਜ਼ੋਰੀ ਆਉਂਦੀ ਹੈ।”
ਕੈਂਸਰ ਰੋਗ ਦਾ ਪਤਾ ਲਗਾ ਲੈਣ ਤੋਂ ਬਾਅਦ ਇਲਾਜ ਦੇ ਤਰੀਕਿਆਂ ਦੀ ਵਾਰੀ ਆਉਂਦੀ ਹੈ ਜਿਵੇਂ – ਔਪਰੇਸ਼ਨ, ਕੈਂਸਰ ਰੋਕੂ ਦਵਾਈਆਂ (ਕੀਮੋ ਥੈਰੇਪੀ) ਜਾਂ ਫ਼ਿਰ ਕਿਰਣਾਂ। ਔਪਰੇਸ਼ਨ ਦੌਰਾਨ ਬੇਹੋਸ਼ ਕਰਨ ਵਾਲੀਆਂ ਗੈਸਾਂ ਦਾ ਅਸਰ ਤਾਂ ਕੁੱਝ ਸਮੇਂ ਵਿੱਚ ਖ਼ਤਮ ਹੋ ਜਾਂਦਾ ਹੈ, ਪਰ ਬਿਸਤਰੇ ‘ਤੇ ਪਏ ਪਏ ਮਰੀਜ਼ ਦੇ ਮਨ ਵਿੱਚ ਕਈ ਤਰ੍ਹਾਂ ਦੇ ਖ਼ਿਆਲ ਆਉਂਦੇ ਹਨ। ਕਿਸੇ ਤਰ੍ਹਾਂ ਦੀ ਵੀ ਕਸਰਤ ਨਾ ਹੋਣ ਕਰ ਕੇ ਕਮਜ਼ੋਰੀ ਅਤੇ ਥਕਾਵਟ ਬਹੁਤ ਰੜਕਦੀ ਹੈ। ਕੋਈ ਵੀ ਕੰਮ ਕਰਨ ਵਾਸਤੇ ਹਠ ਸਟੈਮਿਨਾ ਘਟ ਜਾਂਦਾ ਹੈ। ਕੀਮੋਥੈਰੇਪੀ ਅਤੇ ਕਿਰਣਾਂ ਵਾਲੇ ਇਲਾਜ, ਕੈਂਸਰ ਦੇ ਸੈੱਲਾਂ ਨੂੰ ਨਸ਼ਟ ਕਰਨ ਦੇ ਨਾਲ ਨਾਲ, ਨੇੜਲੇ ਨਾਰਮਲ ਸੈੱਲਾਂ ਨੂੰ ਵੀ ਨਸ਼ਟ ਕਰ ਦੇਂਦੇ ਹਨ। ਹੱਡੀਆਂ ਦੀ ਮਿੱਝ (ਬੋਨ ਮੈਰੋ) ਵਿੱਚ ਬਣਦੇ ਖ਼ੂਨ ਦੇ, ਲਾਲ ਤੇ ਚਿੱਟੇ ਸੈੱਲਾਂ ਦੀ ਪੈਦਾਵਾਰ ਵੀ, ਕਿਰਣਾਂ ਅਤੇ ਕੀਮੋਥੈਰਪੀ ਨਾਲ ਘੱਟ ਜਾਂਦੀ ਹੈ।
ਲਾਲ ਸੈੱਲਾਂ ਦੇ ਘਟਣ ਨਾਲ ਅਨੀਮੀਆ (ਪੀਲਾਪਨ) ਅਤੇ ਚਿੱਟੇ ਸੈੱਲਾਂ ਦੀ ਕਮੀ ਨਾਲ ਸ਼ਰੀਰ ਦੀ ਬੈਕਟੀਰੀਆ ਨਾਲ ਲੜਨ ਦੀ ਤਾਕਤ ਵਿੱਚ ਕਮੀ ਆਉਂਦੀ ਹੈ, ਸੋ ਇਹ ਰੋਗਾਣੂੰ ਹੱਲਾ ਬੋਲ ਦਿੰਦੇ ਹਨ ਕਿ ਇਨਫ਼ੈਕਸ਼ਨਜ਼ ਹੋ ਜਾਂਦੀਆਂ ਹਨ ਅਤੇ ਸ਼ਰੀਰ ਦੀ ਸਾਰੀ ਤਾਕਤ ਖਿੱਚੀ ਜਾਂਦੀ ਹੈ।
ਕੈਂਸਰ ਦੇ ਇਲਾਜ ਨਾਲ ਨੀਂਦ ਵੀ ਘਟਦੀ ਹੈ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਆਉਂਦੀ ਹੈ। ਤੁਰਨ-ਫ਼ਿਰਨ, ਬਹਿਣ-ਖਲੋਣ ਜਾਂ ਕੋਈ ਹੋਰ ਕੰਮ ਕਰਨ ਦਾ ਸਟੈਮਿਨਾ ਹੀ ਨਹੀਂ ਰਹਿੰਦਾ। ਇਲਾਜ ਦੇ ਇਲਾਵਾ ਕੈਂਸਰ ਰੋਗ ਖ਼ੁਦ ਵੀ ਕਈ ਤਰ੍ਹਾਂ ਦੀਆਂ ਤਕਲੀਫ਼ਾਂ ਦਿੰਦਾ ਹੈ। ਕੈਂਸਰ ਭਾਵੇਂ ਕਿਸੇ ਵੀ ਅੰਗ ਦਾ ਹੋਵੇ, ਇਸ ਦੀਆਂ ਜੜ੍ਹਾਂ ਬੋਨ ਮੈਰੋ ਤਕ ਪੁੱਜ ਕੇ ਖ਼ੂਨ ਦੇ ਸੈੱਲਾਂ ਦੀ ਪੈਦਾਵਾਰ ਘਟਾਉਂਦੀਆਂ ਹਨ ਅਤੇ ਕਮਜ਼ੋਰੀ ਪੈਦਾ ਹੁੰਦੀ ਹੈ।
ਰੋਗ ਦੀ ਸਟੇਜ ਦੇ ਅਨੁਸਾਰ ਕਈ ਲੋਕ ਜਿੱਥੋਂ ਤਕ ਹੋ ਸਕੇ, ਜ਼ਿੰਦਗ਼ੀ ਦੇ ਕਾਰ-ਵਿਹਾਰ ਕਰੀ ਜਾਂਦੇ ਹਨ। ਕਈ ਕੈਂਸਰ-ਰੋਗੀ ਤਾਂ ਨੌਰਮਲ ਨਾਲੋਂ ਵੀ ਵੱਧ ਕਰ ਵਿਖਾਉਂਦੇ ਹਨ। ਮੇਰੇ ਧਿਆਨ ਵਿੱਚ ਇੱਕ ਅਜਿਹਾ ਕੇਸ ਹੈ। ਤਕਰੀਬਨ 50 ਸਾਲ ਦੇ ਇੱਕ ਬੰਦੇ ਨੂੰ 1994 ਵਿੱਚ ਵੱਡੀ ਅੰਤੜੀ ਦਾ ਕੈਂਸਰ ਹੋਇਆ ਸੀ। ਪੇਟ ਦਾ ਵੱਡਾ ਔਪ੍ਰੇਸ਼ਨ ਹੋਇਆ, ਅਤੇ ਉਹ ਠੀਕ ਠਾਕ ਹੋ ਗਿਆ। ਉਸ ਤੋਂ ਬਾਅਦ ਉਸ ਨੇ ਇੱਕ ਹੋਰ ਵਿਆਹ ਕਰਵਾਇਆ ਅਤੇ ਦੋਹਾਂ ਪਤਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਨਿਭਾਉਂਦਾ ਰਿਹਾ। ਔਪਰੇਸ਼ਨ ਤੋਂ 7 ਸਾਲ ਬਾਅਦ, ਕੈਂਸਰ ਜਿਗਰ ਤਕ ਫ਼ੈਲ ਗਿਆ ਅਤੇ ਉਹਦੀ ਮੌਤ ਹੋ ਗਈ। ਇਲਾਜ ਅਧੀਨ ਕੈਂਸਰ-ਰੋਗੀ ਲਈ ਜ਼ਰੂਰੀ ਹੈ ਕਿ ਉਹ ਕੁੱਝ ਵਧੇਰੇ ਆਰਾਮ ਕਰੇ ਕਿਉਂਕਿ ਦਵਾਈਆਂ ਦਾ ਮਾਰਿਆ ਹੋਇਆ ਸਰੀਰ ਵਧੇਰੇ ਆਰਾਮ ਲੋਚਦਾ ਹੈ। ਹੱਦ ਅੰਦਰ ਰਹਿ ਕੇ ਕੁੱਝ ਕਸਰਤ ਵੀ ਕਰਨੀ ਚਾਹੀਦੀ ਹੈ। ਕੈਂਸਰ-ਰੋਗੀਆਂ ਨੂੰ ਕਿਸੇ ਆਹਾਰ-ਮਾਹਿਰ (ਡਾਇਟੀਸ਼ੀਅਨ) ਦੀ ਸਲਾਹ ਵੀ ਲੈ ਲੈਣੀ ਚਾਹੀਦੀ ਹੈ। ਐਸੇ ਮਾਹਿਰ, ਭੁੱਖ ਵਧਾਉਣ ਅਤੇ ਸਾਵੇਂ ਤੇ ਪੌਸ਼ਟਿਕ ਭੋਜਨ ਬਾਰੇ ਆਪਣੀ ਨੇਕ ਰਾਇ ਦੇ ਸਕਦੇ ਹਨ।
ਜੇਕਰ ਉਦਾਸੀ, ਚਿੰਤਾ ਅਤੇ ਮੌਤ ਦਾ ਡਰ, ਥਕਾਵਟ ਦੇ ਕਾਰਨ ਬਣਨ ਤਾਂ ਮਨੋਰੋਗ ਮਾਹਿਰ ਡਾਕਟਰ ਦੀ ਸਲਾਹ ਲੈਣ ਦਾ ਵੀ ਕੋਈ ਹਰਜ਼ ਨਹੀਂ। ਰੱਬ ਦਾ ਨਾਂ, ਪਾਠ-ਪੂਜਾ, ਨਿੱਤਨੇਮ, ਅਤੇ ਆਪਣੇ ਵਰਗੇ ਦੂਸਰੇ ਲੋਕਾਂ ਨਾਲ ਗੱਲਾਂ ਕਰ ਕੇ ਮਨ ਨੂੰ ਢਾਰਸ ਮਿਲਦੀ ਹੈ, ਅਤੇ ਵਿਚਾਰ ਚੜ੍ਹਦੀ ਕਲਾ ਵੱਲ ਜਾਂਦੇ ਹਨ ਅਤੇ ਉਦਾਸੀ ਤੇ ਥਕਾਵਟ ਦੂਰ ਹੋ ਸਕਦੇ ਹਨ।