ਬੋਰਡ ਆਫ਼ ਡਾਇਰੈਕਟਰਜ਼ ਨੂੰ ਫ਼ੈਸਲੇ ਦੀ ਮੁੜ ਸਮੀਖਿਆ ਦੇ ਨਿਰਦੇਸ਼
ਚੰਡੀਗੜ : ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੀ.ਐਸ.ਪੀ.ਸੀ.ਐਲ. ਦੇ ਸਪੋਰਟਸ ਸੈੱਲ ਦੇ ਖਿਡਾਰੀਆਂ ਦੀ ਮੰਗ ਦੇ ਹੱਕ ਵਿੱਚ ਨਿੱਤਰਦਿਆਂ ਅੱਜ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਦੀਆਂ ਢੁਕਵੀਂਆਂ ਥਾਵਾਂ ‘ਤੇ ਸੇਵਾਵਾਂ ਲੈਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਖੇਡ ਸੈੱਲ ਦੀ ਸ਼ੁਰੂਆਤ ਤੋਂ ਹੁਣ ਤੱਕ 400 ਤੋਂ ਵੱਧ ਖਿਡਾਰੀ ਇਸ ਦਾ ਹਿੱਸਾ ਬਣ ਚੁੱਕੇ ਹਨ ਅਤੇ ਪੀ.ਐਸ.ਪੀ.ਸੀ.ਐਲ. ਆਪਣੀ ਇਸ ਪ੍ਰਾਪਤੀ ‘ਤੇ ਵੀ ਮਾਣ ਕਰਦੀ ਹੈ ਕਿ ਇਸ ਵੱਲੋਂ ਪਿਛਲੇ 15 ਸਾਲਾਂ ਤੋਂ ਆਲ ਇੰਡੀਆ ਸਪੋਰਟਸ ਕੰਟਰੋਲ ਬੋਰਡ ਚੈਂਪੀਅਨਜ਼ ਟਰਾਫ਼ੀ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅਦਾਰੇ ਵਿੱਚ ਇੱਕ ਅਰਜੁਨ ਐਵਾਰਡੀ ਬਤੌਰ ਸੀਨੀਅਰ ਸਪੋਰਟਸ ਅਫ਼ਸਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸਾਡੇ ਕੋਲ ਪਟਿਆਲਾ, ਬਠਿੰਡਾ ਅਤੇ ਹੋਰਨਾਂ ਜ਼ਿਲਿ•ਆਂ ਵਿੱਚ ਖੇਡਾਂ ਦਾ ਵਿਸ਼ਾਲ ਬੁਨਿਆਦੀ ਢਾਂਚਾ ਮੌਜੂਦ ਹੈ।
ਸ੍ਰੀ ਕਾਂਗੜ ਨੇ ਕਿਹਾ, ”ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਵਾ ਕੇ ਨਸ਼ਿਆਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ। ਇਸ ਲਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਖੇਡ ਸੈੱਲ ਨੂੰ ਖ਼ਤਮ ਕਾਡਰ ਐਲਾਨਿਆ ਜਾਵੇ। ਮੈਂ ਬੋਰਡ ਆਫ਼ ਡਾਇਰੈਕਟਰਜ਼ ਨੂੰ ਫ਼ੈਸਲੇ ਦੀ ਤੁਰੰਤ ਸਮੀਖਿਆ ਦੇ ਨਿਰਦੇਸ਼ ਦਿੱਤੇ ਹਨ ਅਤੇ ਖਿਡਾਰੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੀ.ਐਸ.ਪੀ.ਸੀ.ਐਲ. ਆਮ ਵਾਂਗ ਖਿਡਾਰੀਆਂ ਦੀਆਂ ਸੇਵਾਵਾਂ ਲੈਂਦੀ ਰਹੇਗੀ।”
ਜ਼ਿਕਰਯੋਗ ਹੈ ਕਿ ਪੀ.ਐਸ.ਪੀ.ਸੀ.ਐਲ. ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਟਾਫ਼ ਦੀ ਛਾਂਟੀ ਸਬੰਧੀ ਆਪਣੇ ਉਪਾਵਾਂ ਵਿਚ ਪੀ.ਐਸ.ਪੀ.ਸੀ.ਐਲ. ਦੇ ਸਪੋਰਟਸ ਸੈੱਲ ਨੂੰ ਖ਼ਤਮ ਕਾਡਰ ਵਿੱਚ ਤਬਦੀਲ ਕਰਨ ਦੀ ਤਜਵੀਜ਼ ਕੀਤੀ ਸੀ ਅਤੇ ਕਿਹਾ ਸੀ ਕਿ ਇੱਕ ਅਹੁਦੇ ਦੇ ਮੌਜੂਦਾ ਅਧਿਕਾਰੀ ਦੀ ਸੇਵਾ ਮੁਕਤੀ ਤੋਂ ਬਾਅਦ ਉਸ ਅਹੁਦੇ ਨੂੰ ਖ਼ਤਮ ਕਰਕੇ ਅਗਲੇ ਮਤਹਿਤਾਂ ਲਈ ਨਾ ਕੋਈ ਤਰੱਕੀ ਅਤੇ ਨਾ ਨਵੀਂ ਭਰਤੀ ਕੀਤੀ ਜਾਵੇ। ਪੰਜਾਬ ਪੁਲਿਸ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਸ਼ਾਨਦਾਰ ਨੌਕਰੀਆਂ ਪ੍ਰਦਾਨ ਕਰਨ ਵਾਲੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਹਨ, ਇਸ ਲਈ ਬਿਜਲੀ ਮੰਤਰੀ ਦਾ ਇਹ ਫ਼ੈਸਲਾ ਨੌਜਵਾਨ ਖਿਡਾਰੀਆਂ ਲਈ ਵੱਡੀ ਰਾਹਤ ਹੈ।