ਨੈਸ਼ਨਲ ਡੈਸਕ— ਕਾਂਗਰਸ ਨੇ ਆਪਣੇ ਨੇਤਾ ਸ਼ਸ਼ੀ ਥਰੂਰ ਦੇ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਕਿ ਸਾਲ 2019 ‘ਚ ਨਰਿੰਦਰ ਮੋਦੀ ਦੇ ਫਿਰ ਤੋਂ ਚੋਣਾਂ ਜਿੱਤਣ ਨਾਲ ਭਾਰਤ ‘ਹਿੰਦੂ ਪਾਕਿਸਤਾਨ’ ਬਣ ਜਾਵੇਗਾ। ਪਾਰਟੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਇੰਨਾ ਮਜ਼ਬੂਤ ਹੈ ਕਿ ਦੇਸ਼ ਕਦੀ ਪਾਕਿਸਤਾਨ ਨਹੀਂ ਬਣ ਸਕਦਾ।
ਕਾਂਗਰਸ ਨੇਤਾ ਜੈ ਵੀਰ ਸ਼ੇਰਗਿਲ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਇੰਨਾ ਮਜ਼ਬੂਤ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਇਹ ਦੇਸ਼ ਕਦੀ ਪਾਕਿਸਤਾਨ ਨਹੀਂ ਬਣ ਸਕਦਾ। ਭਾਰਤ ਇਕ ਬਹੁ-ਭਾਸ਼ਾਈ ਅਤੇ ਬਹ-ਧਰਮੀ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੰਚ ਤੋਂ ਕਾਂਗਰਸ ਦੇ ਹਰ ਨੇਤਾ ਅਤੇ ਵਰਕਰਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਕਿਸ ਤਰ੍ਹਾਂ ਦੇ ਬਿਆਨ ਦੇਣੇ ਹਨ।