ਨਵੀਂ ਦਿੱਲੀ— ਕਸ਼ਮੀਰ ਦੇ ਊਧਮਪੁਰ ‘ਚ ਅਮਰਨਾਥ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਹਾਦਸੇ ‘ਚ ਜ਼ਖਮੀ 13 ਸ਼ਰਧਾਲੂਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸ਼ਰਧਾਲੂਆਂ ਨਾਲ ਭਰੀ ਇਕ ਮਿੰਨੀ ਬੱਸ ਬਿਰਮਾ ਬ੍ਰਿਜ ਦੇ ਨਜ਼ਦੀਕ ਖ਼ੜ੍ਹੇ ਇਕ ਟਰੱਕ ਨਾਲ ਜਾ ਟਕਰਾਈ। ਘਟਨਾ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਉਧਮਪੁਰ ਪੁਲਸ-ਪ੍ਰਸ਼ਾਸਨ ਅਨੁਸਾਰ, ਸਾਰੇ ਜ਼ਖਮੀ ਸ਼ਰਧਾਲੂਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਊਧਮਪੁਰ ਤੋਂ ਸੰਸਦ ਮੈਂਬਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਚੋਂ ਜ਼ਿਆਦਾ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਝਾਂਸੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਜੰਮੂ-ਸ਼੍ਰੀਨਗਰ ਰਾਜਮਾਰਗ ‘ਤੇ ਬੁੱਧਵਾਰ ਨੂੰ ਇਕ ਹਾਦਸੇ ‘ਚ ਰਾਜਸਥਾਨ ਦੀ ਰਹਿਣ ਵਾਲੀ ਇਕ ਮਹਿਲਾ ਅਮਰਨਾਥ ਤੀਰਥ ਯਾਤਰੀ ਦੀ ਮੌਤ ਹੋ ਗਈ ਸੀ, ਜਦੋਂਕਿ ਦੋ ਹੋਰ ਜ਼ਖਮੀ ਹੋ ਗਏ ਸਨ।