ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣਾ ਚਾਹਾਂਗੀ: ਮਨੀਸ਼ਾ ਕੋਇਰਾਲਾ
ਬੌਲੀਵੁੱਡ ਦੀ ਈਲੂ ਈਲੂ ਗਰਲ ਮਨੀਸ਼ਾ ਕੋਇਰਾਲਾ ਸਿਲਵਰ ਸਕ੍ਰੀਨ ‘ਤੇ ਸੁਰਗਵਾਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਬੌਲੀਵੁੱਡ ‘ਚ ਇਨ੍ਹੀਂ ਦਿਨੀਂ ਬਾਇਓਪਿਕ ਬਣਾਉਣ ਦਾ ਕਾਫ਼ੀ ਜ਼ੋਰ ਚੱਲ ਰਿਹਾ ਹੈ ਜਿਸ ਦੀ ਹਾਲੀਆ ਉਦਾਹਰਣ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਸੰਜੂ ਭਾਵ ਅਦਾਕਾਰ ਸੰਜੈ ਦੱਤ ਦੀ ਬਾਇਓਪਿਕ ਹੈ। ਇਸ ਫ਼ਿਲਮ ‘ਚ ਸੰਜੈ ਦੱਤ ਦਾ ਕਿਰਦਾਰ ਰੌਕਸਟਾਰ ਰਣਬੀਰ ਕਪੂਰ ਨੇ ਨਿਭਾਇਆ ਹੈ। ਇਸੇ ਫ਼ਿਲਮ ‘ਚ ਮਨੀਸ਼ਾ ਕੋਇਰਾਲਾ ਨੇ ਵੀ ਸੰਜੈ ਦੱਤ ਦੀ ਮਾਂ ਦਾ ਕਿਰਦਾਰ ਯਾਣੀ ਨਰਗਿਸ ਦੱਤ ਦੀ ਭੂਮਿਕਾ ਨਿਭਾਈ ਹੈ। ਸੰਜੈ ਦੇ ਪਿਤਾ ਸੁਨੀਲ ਦੱਤ ਦਾ ਕਿਰਦਾਰ ਪਰੇਸ਼ ਰਾਵਲ ਨੇ ਨਿਭਾਇਆ। ਇਹ ਫ਼ਿਲਮ ਪਿੱਛਲੇ ਹਫ਼ਤੇ ਸਿਨਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕਿਹਾ ਕਿ ਜੇ ਉਸ ਨੂੰ ਮੌਕਾ ਮਿਲਿਆ ਤਾਂ ਉਹ ਦੇਸ਼ ਦੀ ਪਹਿਲੀ ਇਸਤਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਸਿਲਵਰ ਸਕ੍ਰੀਨ ‘ਤੇ ਨਿਭਾਉਣਾ ਪਸੰਦ ਕਰੇਗੀ। ਮਨੀਸ਼ਾ ਅਨੁਸਾਰ, ”ਭਾਰਤੀ ਸਿਨਮਾ ‘ਚ ਅੱਜ ਜੋ ਸਮਾਂ ਚੱਲ ਰਿਹਾ ਹੈ ਉਹ ਬਹੁਤ ਹੀ ਪ੍ਰਗਤੀਸ਼ੀਲ ਹੈ। ਅੱਜ ਦਰਸ਼ਕ ਨਵੀਂ ਅਤੇ ਅਲੱਗ ਤਰ੍ਹਾਂ ਦੀਆਂ ਕਹਾਣੀਆਂ ਦੇਖਣਾ ਚਾਹੁੰਦੇ ਹਨ।” ਮਨੀਸ਼ਾ ਨੇ ਕਿਹਾ ਕਿ ਉਂਝ ਤਾਂ ਉਹ ਕੋਈ ਵੀ ਮਜ਼ਬੂਤ ਕਿਰਦਾਰ ਨਿਭਾਉਣ ਲਈ ਉਤਸ਼ਾਹਿਤ ਰਹਿੰਦੀ ਹੈ, ਪਰ ਬਾਇਓਪਿਕ ਦੀ ਗੱਲ ਹੋਵੇ ਅਤੇ ਉਸ ਨੂੰ ਮੌਕਾ ਮਿਲੇ ਤਾਂ ਉਹ ਇੰਦਰਾ ਗਾਂਧੀ ਦੀ ਬਾਇਓਪਿਕ ਜ਼ਰੂਰ ਕਰਨਾ ਚਾਹੇਗੀ। ਇੱਕ ਰਾਜਨੀਤਿਕ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਮਨੀਸ਼ਾ, ਇੰਦਰਾ ਗਾਂਧੀ ਦੀ ਸ਼ਖ਼ਸੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਦੀ ਚਾਹਤ ਰੱਖਣ ਵਾਲੀ ਮਨੀਸ਼ਾ ਕੇਵਲ ਇਕੱਲੀ ਅਭਿਨੇਤਰੀ ਨਹੀਂ। ਇਸ ਤੋਂ ਪਹਿਲਾਂ ਤਾਪਸੀ ਪੰਨੂ ਅਤੇ ਕੈਟਰੀਨਾ ਕੈਫ਼ ਨੇ ਵੀ ਪਰਦੇ ‘ਤੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਸੀ। ਦੂਜੇ ਪਾਸੇ, ਇਹ ਵੀ ਜਾਣਕਾਰੀ ਇਸ ਸਾਲ ਦੀ ਸ਼ੁਰੂਆਤ ‘ਚ ਸਾਹਮਣੇ ਆਈ ਸੀ ਕਿ ਬੇਹੱਦ ਜਲਦ ਪ੍ਰਧਾਨ ਮੰਤਰੀ ਇੰਦਰਾ ਗਾਂਦੀ ‘ਤੇ ਇੱਕ ਬਾਇਓਪਿਕ ਬਣੇਗੀ।