ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਫੇਸਬੁੱਕ ‘ਤੇ ਪਾਈ ਇਕ ਪੋਸਟ ਤੋਂ ਬਾਅਦ ਉਨ੍ਹਾਂ ਦੀ ਕਿਰਕਰੀ ਹੋ ਰਹੀ ਹੈ। ਦਰਅਸਲ ਹਰਸਿਮਰਤ ਬਾਦਲ ਨੇ ਕਾਂਗਰਸੀ ਆਗੂਆਂ ਦੇ ਅਕਾਲੀ ਦਲ ‘ਚ ਸ਼ਾਮਿਲ ਹੋਣ ਤੋਂ ਬਿਨਾਂ ਹੀ ਇਕ ਪੋਸਟ ਪਾ ਕੇ ਵਧਾਈ ਦੇ ਦਿੱਤੀ। ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਇਸ ਪੋਸਟ ‘ਚ ਲਿਖਿਆ ਕਿ ਅੱਜ ਬਠਿੰਡਾ ਵਿਖੇ ਸੁੱਚਾ ਸਿੰਘ ਨਗਰ ਦੇ ਵਾਰਡ ਨੰਬਰ-2 ਤੋਂ ਕਾਂਗਰਸ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਭਾਨ (ਭੋਲਾ), ਮੁਲਕ ਰਾਜ ਸਿੰਘ ਬਿੱਲਾ ਤੇ ਗੁਰਵਿੰਦਰ ਸਿੰਘ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਜਦੋਂ ਇਸ ਬਾਰੇ ਕਾਂਗਰਸੀ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਕਾਲੀ ਦਲ ‘ਚ ਸ਼ਾਮਿਲ ਹੋਣ ਸਬੰਧੀ ਪਾਈ ਪੋਸਟ ਨੂੰ ਝੂਠਾ ਕਰਾਰ ਦਿੱਤਾ।
ਦੱਸ ਦੇਈਏ ਕਿ ਕੁਝ ਕਾਂਗਰਸੀ ਆਗੂ ਕਿਸੇ ਥਾਂ ‘ਤੇ ਇਕੱਠੇ ਹੋਏ ਸਨ ਅਤੇ ਉਥੇ ਹੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦਿੱਤੇ ਗਏ, ਜਿਸਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਹਰਸਿਮਰਤ ਬਾਦਲ ਨੇ ਕਾਂਗਰਸੀਆਂ ਨੂੰ ਅਕਾਲੀ ਦਲ ‘ਚ ਬਣਦਾ ਸਨਮਾਨ ਦਿੱਤੇ ਜਾਣ ਦੀ ਗੱਲ ਆਖੀ ਸੀ ਪਰ ਪੋਸਟ ਤੋਂ ਬਾਅਦ ਇਸ ਮਸਲੇ ਨੇ ਹਰਸਿਮਰਤ ਬਾਦਲ ਨੂੰ ਹੀ ਝੂਠਾ ਸਾਬਤ ਕਰ ਦਿੱਤਾ ਹੈ।