ਸ਼੍ਰੀਨਗਰ— ਉਤਰ ਕਸ਼ਮੀਰ ‘ਚ ਬਾਰਾਮੁਲਾ ਜ਼ਿਲੇ ਦੇ ਸੋਪੋਰ ਕਸਬੇ ‘ਚ ਪੁਲਸ ਹਿਰਾਸਤ ਤੋਂ ਇਕ ਅੱਤਵਾਦੀ ਫਰਾਰ ਹੋਣ ਦੇ ਬਾਅਦ ਦੋ ਪੁਲਸ ਕਰਮਚਾਰੀਆਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਅੱਤਵਾਦੀ ਡੇਢ ਸਾਲ ਪਹਿਲੇ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰਕ ਸੂਤਰਾਂ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਸ ਅਬਦੁਲ ਮਜੀਦ ਮੀਰ ਦੀ ਅਦਾਲਤ ‘ਚ ਸੁਣਵਾਈ ਦੇ ਬਾਅਦ ਪੁਲਸ ਸਟੇਸ਼ਨ ਬੋਮਾਈ ਵਾਪਸ ਲੈ ਜਾ ਰਹੀ ਸੀ। ਪੁਲਸ ਨੇ ਫਰਾਰ ਅੱਤਵਾਦੀ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੀਰ ਵਾਸੀ ਤੁੱਜਰ ਸੋਪੋਰ ਨੂੰ 25 ਨਵੰਬਰ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦਿਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲੇ ਦੇ ਤਿੰਨ ਘੰਟਿਆਂ ਬਾਅਦ ਲਸ਼ਕਰ ਅੱਤਵਾਦੀ ਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।