ਡਾ. ਮਨਜੀਤ ਸਿੰਘ ਬੱਲ
ਅਜੋਕੇ ਜੀਵਨ ਦੀ ਆਧੁਨਿਕ ਰਹਿਣੀ-ਬਹਿਣੀ, ਭੱਜ-ਦੌੜ, ਖਾਣ-ਪੀਣ ਅਤੇ ਤਨਾਅ ਦੀ ਬਦੌਲਤ, ਮਾਨਸਿਕ-ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਘੁਰਾੜੇ ਮਾਰਨ ਵਾਲੇ ਅਤੇ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਤਕਰੀਬਨ ਹਰੇਕ ਘਰ ਵਿੱਚ ਹੁੰਦੇ ਹਨ। ਵਿਦੇਸ਼ਾਂ ਵਿੱਚ ਤਾਂ ਘੁਰਾੜੇ ਮਾਰਨ ਵਾਲੇ ਪਤੀਆਂ ਦੇ ਖ਼ਿਲਾਫ਼ ਕਚਹਿਰੀਆਂ ਵਿੱਚ ਕੇਸ ਚਲਦੇ ਹਨ ਅਤੇ ਤਲਾਕ ਦਾ ਆਧਾਰ ਘੁਰਾੜੇ ਬਣਦੇ ਹਨ। ਭਾਰਤ ਵਰਗੇ ਮੁਲਕਾਂ ਵਿੱਚ ਪਤਨੀਆਂ ਇਹੀ ਕਹਿ ਸਕਦੀਆਂ ਹਨ, ”ਤੇਰਿਆਂ ਘੁਰਾੜਿਆਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ …।”
ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ (ਅਮਰੀਕਾ) ਦੀ ਸੰਯਕੁਤ ਕਮੇਟੀ ਦੀ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ, ਇਸ ਦੀ ਡੀਟੈਕਸ਼ਨ, ਈਵੈਲਿਊਏਸ਼ਨ ਅਤੇ ਇਲਾਜ ਬਾਰੇ ਰਿਪੋਰਟ ਮੁਤਾਬਿਕ, ਹਾਈ ਬਲੱਡ ਪ੍ਰੈਸ਼ਰ ਦੀਆਂ ਵੱਖ-ਵੱਖ ਸਟੇਜਾਂ ਨਿਮਨ ਅਨੁਸਾਰ ਹਨ:
ਇਹ ਆਮ ਵੇਖਿਆ ਗਿਆ ਹੈ ਕਿ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਲਈ ਡਾਕਟਰ ਕੋਲ ਜਾਓ ਤਾਂ ਇਸ ਦੀ ਰੀਡਿੰਗ ਕੁੱਝ ਵਧੇਰੇ ਆਉਂਦੀ ਹੈ- ਸ਼ਾਇਦ ਇਸ ਲਈ ਕਿ ਦਿਲੋ-ਦਿਮਾਗ ਵਿੱਚ ਕੋਈ ਡਰ ਜਾਂ ਘਬਰਾਹਟ ਹੁੰਦੀ ਹੈ। ਜਿਨ੍ਹਾਂ ਵਿਅਕਤੀਆਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ ਜਾਂ ਇਲਾਜ ਅਧੀਨ ਹੁੰਦੇ ਹਨ, ਜੇਕਰ ਉਹ ਆਪਣੇ ਘਰ ਵਿੱਚ ਹੀ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਕਰਨ ਤਾਂ ਘਬਰਾਹਟ ਜਾਂ ਡਰ ਵਾਲਾ ਤੱਤ ਨਾ ਹੋਣ ਕਰ ਕੇ, ਠੀਕ ਜਾਂ ਸਹੀ ਰੀਡਿੰਗ ਆਉਂਦੀ ਹੈ। ਸੋ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਮਸ਼ੀਨ ਖ਼ਰੀਦ ਕੇ, ਉਸ ਨੂੰ ਵਰਤਣ ਦੀ ਜਾਚ ਸਿੱਖ ਕੇ ਘਰ ਬੈਠੇ, ਆਪਣੇ ਆਪ ਹੀ ਬਲੱਡ ਪ੍ਰੈਸ਼ਰ ਵੇਖ ਲੈਣਾ ਚਾਹੀਦਾ ਹੈ। ਇਸ ਨਾਲ ਘਰ ਬੈਠੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਜੋ ਦਵਾਈ ਤੁਸੀਂ ਖਾ ਰਹੇ ਹੋ, ਉਹ ਕਿੰਨਾ ਕੁ ਅਸਰ ਕਰ ਰਹੀ ਹੈ, ਕੋਈ ਫ਼ਰਕ ਪਿਆ ਵੀ ਹੈ ਕਿ ਨਹੀਂ। ਇਸ ਨਾਲ ਡਾਕਟਰ ਕੋਲ ਆਉਣ-ਜਾਣ ਦੀ ਖੇਚਲ ਵੀ ਬਚਦੀ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਵਾਸਤੇ ਖ਼ਤਰੇ ਦੇ ਚਿੰਨ੍ਹ ਹਨ: ਸ਼ੂਗਰ ਰੋਗ, ਸਿਗਰਿਟ ਨੋਸ਼ੀ, ਖ਼ੂਨ ਵਿੱਚ ਵਧੇਰੇ ਚਰਬੀ (ਕੋਲੈਸਟਰੋਲ) ਹੋਣਾ, 55 ਸਾਲ ਤੋਂ ਵਧੇਰੇ ਉਮਰ, ਆਦਿ। ਔਰਤਾਂ ਵਿੱਚ ਆਮ ਕਰ ਕੇ, ਮਹਾਂਵਾਰੀ ਬੰਦ ਹੋਣ ਤੋਂ ਬਾਅਦ ਦੀ ਉਮਰ ਵਿੱਚ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ। ਜਣੇਪੇ ਨਾਲ ਸਬੰਧਤ ਬਲੱਡ ਪ੍ਰੈਸ਼ਰ ਦੇ ਕੁੱਝ ਹੋਰ ਕਾਰਨ ਹਨ ਅਤੇ ਬੱਚਾ ਜੰਮਣ ਤੋਂ ਬਾਅਦ ਇਹ ਬਲੱਡ ਪ੍ਰੈਸ਼ਰ ਨੌਰਮਲ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਪਰਿਵਾਰਿਕ ਪਿੱਠ-ਭੂਮੀ ਵਾਲੇ ਵਿਅਕਤੀ ਨੂੰ ਇਹ ਰੋਗ ਉਤਪੰਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਜੇਕਰ ਹੋ ਜਾਵੇ ਤਾਂ ਰਿਸਕੀ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਲੱਛਣ: ਬਹੁਤ ਕੇਸਾਂ ਵਿੱਚ ਕੋਈ ਵੀ ਲੱਛਣ ਨਹੀਂ ਹੁੰਦਾ। ਤੁਸੀਂ ਕਿਸੇ ਹੋਰ ਸਮੱਸਿਆ ਕਰ ਕੇ ਡਾਕਟਰ ਕੋਲ ਜਾਓ ਤਾਂ ਰੁਟੀਨ ਦੇ ਚੈਕ-ਅੱਪ ਵਿੱਚ ਪਤਾ ਲਗਦਾ ਹੈ ਕਿ ਬਲੱਡ ਪ੍ਰੈਸ਼ਰ ਹਾਈ ਹੈ। ਓਦਾਂ ਨਿੰਮੀ-ਨਿੰਮੀ ਸਿਰ ਜਾਂ ਮੱਥੇ ਵਿੱਚ ਪੀੜ, ਥਕਾਵਟ, ਅੱਖਾਂ ਅੱਗੇ ਹਨੇਰਾ ਆਉਣਾ, ਨਜ਼ਰ ਦਾ ਘਟਣਾ, ਆਦਿ ਲੱਛਣ ਹੁੰਦੇ ਹਨ।
ਕਿਹੜੇ ਅੰਗ ਇਸ ਦਾ ਸ਼ਿਕਾਰ ਬਣਦੇ ਹਨ? ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ, ਸ਼ਰੀਰ ਦੇ ਤਕਰੀਬਨ ਸਾਰੇ ਹੀ ਅੰਗ ਹੁੰਦੇ ਹਨ ਜਿਵੇਂ ਦਿਲ, ਖ਼ੂਨ ਦੀਆਂ ਨਾੜੀਆਂ, ਦਿਮਾਗ਼, ਗੁਰਦੇ, ਅੱਖਾਂ, ਨਰਵਜ਼, ਪੱਠੇ, ਆਦਿ।
ਘੁਰਾੜੇ: ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਘੁਰਾੜੇ ਵੀ ਮਾਰਦੇ ਹਨ। ਘੁਰਾੜਿਆਂ ਬਾਰੇ ਕੌਣ ਨਹੀਂ ਜਾਣਦਾ? ਨੀਂਦ ਦੌਰਾਨ ਸਾਹ-ਰਸਤੇ ਵਿੱਚ ਰੁਕਾਵਟ ਕਾਰਨ, ਸਾਹ ਨੂੰ ਅੰਦਰ ਖਿੱਚਣ ਅਤੇ ਬਾਹਰ ਕੱਢਣ ਵੇਲੇ, ਅਜੀਬ ਅਜੀਬ ਆਵਾਜ਼ਾਂ ਸੁਣ ਕੇ ਦੂਸਰੇ ਕਹਿੰਦੇ ਨੇ, ”ਫ਼ਲਾਣਾ ਘੋੜੇ ਵੇਚ ਕੇ ਸੁੱਤਾ ਪਿਐ …” , ਭਾਵੇਂ ਇਹ ਆਵਾਜ਼ਾਂ ਹਸਾਉਣੀਆਂ ਲੱਗਣ, ਪਰ ਇਹ ਖ਼ਤਰਨਾਕ ਹੁੰਦੀਆਂ ਹਨ। ਔਰਤਾਂ ਨਾਲੋਂ ਵਧੇਰੇ ਮਰਦ ਘੁਰਾੜੇ ਮਾਰਦੇ ਹਨ। ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀਆਂ ਵਿੱਚ ਘੁਰਾੜਿਆਂ ਦੀ ਸਮੱਸਿਆ ਵਧੇਰੇ ਹੁੰਦੀ ਹੈ। ਸੁੱਤੇ ਪਏ ਬੰਦੇ ਨੂੰ ਤਾਂ ਭਾਵੇਂ ਪਤਾ ਨਹੀਂ ਲਗਦਾ, ਪਰ ਵੇਖਣ ਸੁਣਨ ਵਾਲੇ ਕਦੀ ਕਦੀ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਸ ਦਾ ਸਾਹ ਪੂਰੀ ਤਰ੍ਹਾਂ ਹੀ ਰੁਕ ਚੱਲਿਆ ਹੈ।
ਜੇ ਇਹ ਦਸ ਸਕਿੰਟਾਂ ਤੋਂ ਵੱਧ ਸਮੇਂ ਦਾ ਹੋਵੇ ਜਾਂ ਅੱਠ ਘੰਟਿਆਂ ਦੀ ਨੀਂਦ ਦੌਰਾਨ 30 ਵਾਰ ਹੋਵੇ ਤਾਂ ਫ਼ੌਰਨ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਯਾਦ-ਦਾਸ਼ਤ ਦਾ ਘੱਟ ਸਕਦੀ ਹੈ, ਨਾਮਰਦੀ ਨਾਲ ਦੋਚਾਰ ਹੋਣ ਪੈ ਸਕਦਾੈ ਅਤੇ ਅਚਾਨਕ ਮੌਤ ਵੀ ਹੋ ਸਕਦੀ ਹੈ। ਘੁਰਾੜਿਆਂ ਵਾਲੀ ਨੀਂਦ ਤੋਂ ਜਾਗਣ ਤੋਂ ਬਾਅਦ ਬੰਦਾ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦਾ। ਨੌਰਮਲ ਜਾਂ ਸਾਧਾਰਣ ਹਾਲਤ ਵਿੱਚ ਨੀਂਦ ਦੌਰਾਨ, ਜੀਭ ਅਤੇ ਤਾਲੂ ਦੇ ਪੱਠੇ, ਸਾਹ-ਰਸਤੇ ਨੂੰ ਖੁੱਲ੍ਹਾ ਰਖਦੇ ਹਨ। ਜੇਕਰ ਇਹ ਪੱਠੇ ਢਿੱਲੇ ਪੈ ਜਾਣ ਤਾਂ ਸਾਹ-ਰਸਤਾ ਤੰਗ ਹੋਣ ਨਾਲ, ਸਾਹ ਦੌਰਾਨ ਹਵਾ ਕਾਰਨ ਘੁਰਾੜਿਆਂ ਦੀ ਆਵਾਜ਼ ਆਉਂਦੀ ਹੈ। ਜਿਹੜੇ ਵਿਅਕਤੀ ਸ਼ਰਾਬ ਪੀਂਦੇ ਹਨ, ਕੋਈ ਹੋਰ ਨਸ਼ਾ ਕਰਦੇ ਹਨ ਜਾਂ ਨੀਂਦ ਵਾਲੀ ਗੋਲੀ ਖਾ ਕੇ ਸੌਂਦੇ ਹਨ ਉਨ੍ਹਾਂ ਦਾ ਵੀ ਨੀਂਦ ਦੌਰਾਨ ਸਾਹ ਰੁਕਦਾ ਹੈ, ਘੁਰਾੜੇ ਵੱਜਦੇ ਹਨ। ਘੁਰਾੜਿਆਂ ਦੇ ਹੋਰ ਕਾਰਨ ਹਨ: ਮੋਟਾਪਾ, ਲੋੜ ਤੋਂ ਵਾਧੂ ਖਾ ਲੈਣਾ, ਥੌਇਰੌਇਡ ਗ੍ਰੰਥੀ ਦਾ ਘੱਟ ਕੰਮ ਕਰਨਾ, ਚਿਹਰੇ ਦੀਆਂ ਹੱਡੀਆਂ ਦੀ ਅਸਾਧਾਰਣ ਸੈਟਿੰਗ, ਫ਼ੇਫ਼ੜਿਆਂ ਜਾਂ ਦਿਲ ਦੇ ਰੋਗੀਆਂ ਨੂੰ ਘੁਰਾੜਿਆਂ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਦਾ ਦਿਲ ਅਚਾਨਕ ਰੁਕ ਸਕਦਾ ਹੈ ਤੇ ਮੌਤ ਹੋ ਸਕਦੀ ਹੈ।
ਘੁਰਾੜਿਆਂ ਅਤੇ ਹਾਈ ਬਲੱਡ ਪ੍ਰੈਸ਼ਰ ‘ਤੇ ਕਾਬੂ ਪਾਉਣ ਲਈ ਆਪਣੇ ਰਹਿਣ-ਸਹਿਣ ਤੇ ਖਾਣ-ਪੀਣ (ਲਾਈਫ਼ ਸਟਾਈਲ) ਵਿੱਚ ਤਬਦੀਲੀ ਲਿਆਓ, ਜਿਵੇਂ: ਮੋਟਾਪਾ ਹੈ ਤਾਂ ਭਾਰ ਘਟਾਓ; ਖਾਣਾ ਹਿਸਾਬ ਨਾਲ ਖਾਓ ਯਾਨੀ ਓਵਰ ਈਟਿੰਗ ਨਾ ਕਰੋ; ਨਮਕ ਘੱਟ ਖਾਓ; ਸ਼ਰਾਬ ਜਾਂ ਤਾਂ ਛੱਡ ਦਿਓ ਨਹੀਂ ਤਾਂ ਸਿਰਫ਼ 30 ਮਿਲੀ ਲੀਟਰ ਪ੍ਰਤੀ ਦਿਨ … ਬਸ; ਭੋਜਨ ਵਿੱਚ ਚਰਬੀ ਘਟਾ ਦਿਓ ਜਾਂ ਬੰਦ ਕਰ ਦਿਓ; ਫ਼ਲ, ਹਰੀਆਂ ਸਬਜ਼ੀਆਂ, ਦੁੱਧ, ਚਿਕਨ, ਮੱਛੀ ਆਦਿ ਦਾ ਸੇਵਨ ਕਰੋ; ਦਿਨ ਵਿੱਚ 50-60 ਮਿੰਟ ਤੇਜ਼ ਸੈਰ ਕਰੋ; ਜੇ ਸਿਗਰਟ-ਬੀੜੀ ਪੀਂਦੇ ਹੋ ਤਾਂ ਬਿਲਕੁਲ ਛੱਡ ਦਿਓ; ਫ਼ਜ਼ੂਲ ਦੇ ਝਗੜਿਆਂ ਝਮੇਲਿਆਂ ਤੋਂ ਬਚੋ; ਮਨ ਦੀ ਸ਼ਾਂਤੀ ਲਈ, ਜੇ ਗੁਰਦੁਆਰੇ-ਮੰਦਰ ਜਾ ਸਕਦੇ ਹੋ ਤਾਂ ਪਾਠ (ਸੁਖਮਨੀ ਸਾਹਿਬ) ਕਰੋ, ਉਸ ਦੇ ਅਰਥ ਸਮਝੋ ਅਤੇ ਜਿੰਨਾ ਹੋ ਸਕੇ ਆਪਣੇ ਜੀਵਨ ਵਿੱਚ ਉਸ ਦਾ ਅਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਠੀਕ ਰਹੇਗਾ।