ਦੁਬਈ – ਇੰਗਲੈਂਡ ਨੂੰ ਆਸਟਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ‘ਚ ਮਿਲੀ 5-0 ਦੀ ਕਲੀਨ ਸਵੀਪ ਦੀ ਬਦੌਲਤ ਉਸ ਦੇ ਕ੍ਰਿਕਟਰਾਂ ਜੌਨੀ ਬੇਅਰਸਟੋ, ਜੋਸ ਬਟਲਰ, ਜੇਸਨ ਰੌਏ ਨੂੰ ICC ਦੀ ਸੋਮਵਾਰ ਨੂੰ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਫ਼ਾਇਦਾ ਮਿਲਿਆ ਹੈ ਜਦਕਿ ਇੰਗਲੈਂਡ ਦੌਰੇ ਲਈ ਪਹੁੰਚੇ ਭਾਰਤੀ ਕਪਤਾਨ ਵਿਰਾਟ ਕੋਹਲੀ ਵਨਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ ਹੈ। ICC ਦੀ ਵਨਡੇ ਬੱਲੇਬਾਜ਼ੀ ਰੈਂਕਿੰਗ ‘ਚ ਵਿਰਾਟ ਆਪਣੇ 909 ਰੇਟਿੰਗ ਅੰਕਾਂ ਦੇ ਨਾਲ ਸਿਖਰ ‘ਤੇ ਬਰਕਰਾਰ ਹੈ ਜਦਕਿ ਸ਼ਿਖਰ ਧਵਨ ਇੱਕ ਸਥਾਨ ਦੇ ਫ਼ਾਇਦੇ ਨਾਲ 11ਵੇਂ ਤੋਂ 10ਵੇਂ ਸਥਾਨ ‘ਤੇ ਆ ਗਿਆ ਹੈ, ਅਤੇ ਚੋਟੀ ਦੇ 10 ਬੱਲੇਬਾਜ਼ਾਂ ‘ਚ ਸ਼ਾਮਿਲ ਹੋ ਗਿਆ ਹੈ। ਰੋਹਿਤ ਸ਼ਰਮਾ ਆਪਣੇ ਚੌਥੇ ਸਥਾਨ ‘ਤੇ ਬਰਕਰਾਰ ਹੈ। ਉਥੇ, ਵਨਡੇ ਗੇਂਦਬਾਜ਼ਾਂ ‘ਚ ਜਸਪ੍ਰੀਤ ਬੁਮਰਾਹ ਚੋਟੀ ‘ਤੇ ਬਣਿਆ ਹੋਇਐ। ਯੁਜਵਿੰਦਰ ਚਾਹਲ ਨੂੰ ਵੀ ਇੱਕ ਸਥਾਨ ਦਾ ਫ਼ਾਇਦਾ ਹੋਇਆ ਹੈ, ਅਤੇ ਹੁਣ ਉਹ ਇੰਗਲੈਂਡ ਦੇ ਆਦਿਲ ਰਾਸ਼ਿਦ ਦੇ ਨਾਲ ਸਾਂਝੇ 8ਵੇਂ ਸਥਾਨ ‘ਤੇ ਆ ਗਿਆ ਹੈ। ਇੰਗਲੈਂਡ ਐਂਡ ਵੇਲਜ਼ ਦੀ ਮੇਜ਼ਬਾਨੀ ‘ਚ ਸਾਲ 2019 ‘ਚ 30 ਮਈ ਤੋਂ 14 ਜੁਲਾਈ ਤਕ ਆਯੋਜਿਤ ਹੋਣ ਵਾਲੇ ICC ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਇੰਗਲਿਸ਼ ਟੀਮ ਦੇ ਖਿਡਾਰੀਆਂ ਨੂੰ ਰੈਂਕਿੰਗ ‘ਚ ਜ਼ਰੂਰੀ ਬੂਸਟ ਮਿਲਿਆ ਹੈ। ਬੇਅਰਸਟੋ, ਬਟਲਰ ਅਤੇ ਜੇਸਨ ਨੂੰ ਵਨਡੇ ਬੱਲੇਬਾਜ਼ੀ ਰੈਂਕਿੰਗ ਦਾ ਫ਼ਾਇਦਾ ਮਿਲਿਆ ਹੈ। ਬੇਅਰਸਟੋ ਚਾਰ ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ ‘ਤੇ ਆ ਗਿਆ ਹੈ। ਉਸ ਨੇ ਸੀਰੀਜ਼ ‘ਚ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।