ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.) ‘ਚ ਹੋਏ 12,717 ਕਰੋੜ ਰੁਪਏ ਦੇ ਘਪਲਾ ਮਾਮਲੇ ‘ਚ ਸੀ.ਬੀ.ਆਈ. ਨੇ ਬੁੱਧਵਾਰ ਨੂੰ ਆਪਣੀ ਦੂਸਰੀ ਚਾਰਜਸ਼ੀਟ ਦਾਖਲ ਕੀਤੀ ਹੈ। ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ‘ਚ ਇਸ ਚਾਰਜਸ਼ੀਟ ਨੂੰ ਦਾਇਰ ਕੀਤਾ ਗਿਆ ਹੈ। ਚਾਰਜਸ਼ੀਟ ਵਿਚ ਸੀ.ਬੀ.ਆਈ. ਨੇ ਅਰਬਪਤੀ ਜਿਊਲਰ ਮੇਹੁਲ ਚੌਕਸੀ ਨੂੰ ਵਾਂਟੇਡ ਦੱਸਿਆ ਹੈ।
ਸੀ.ਬੀ.ਆਈ. ਵਲੋਂ ਦਾਖਲ ਕੀਤੀ 12000 ਪੰਨਿਆਂ ਦੀ ਦੂਸਰੀ ਚਾਰਜਸ਼ੀਟ ਵਿਚ ਮੇਹੁਲ ਚੌਕਸੀ ਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 409, 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਇਸ ਕੇਸ ਲਈ ਕੁੱਲ 50 ਗਵਾਹਾਂ ਸਮੇਤ ਕਈ ਦਸਤਾਵੇਜ਼ਾਂ ਦੀ ਸੂਚੀ ਬਣਾਈ ਹੈ। ਚਾਰਜਸ਼ੀਟ ਮੁਤਾਬਕ ਇਸ ਕੇਸ ਵਿਚ ਕੁੱਲ 18 ਦੋਸ਼ੀ ਹਨ ਜਿਨ੍ਹਾਂ ਵਿਚੋਂ 15 ਵਿਅਕਤੀ ਅਤੇ 3 ਫਰਮ(ਕੰਪਨੀਆਂ) ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੀ.ਬੀ.ਆਈ. ਨੇ ਸਾਢੇ ਚੌਦਾਂ ਕਰੋੜ ਰੁਪਏ ਦੇ ਪੀ.ਐੱਨ.ਬੀ. ਘਪਲੇ ‘ਚ ਨੀਰਵ ਮੋਦੀ ਸਮੇਤ ਕੁਝ ਹੋਰ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਚਾਰਜਸ਼ੀਟ 31 ਜਨਵਰੀ ਨੂੰ ਦਰਜ ਪਹਿਲੀ ਐੱਫ.ਆਈ.ਆਰ. ਦੇ ਅਧਾਰ ‘ਤੇ ਤਿਆਰ ਕੀਤੀ ਗਈ ਸੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਨੀਰਵ ਮੋਦੀ, ਉਨ੍ਹਾਂ ਦੇ ਮਾਮਾ ਮੇਹੁਲ ਚੌਕਸੀ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ‘ਤੇ ਪੀ.ਐੱਨ.ਬੀ. ਬੈਂਕ ਨਾਲ ਘਪਲਾ ਕਰਨ ਦਾ ਦੋਸ਼ ਲੱਗਾ ਹੈ। ਕੰਪਨੀ ਦੀ ਵੈਬਸਾਈਟ ਅਨੁਸਾਰ ਉਸਦਾ ਕਾਰੋਬਾਰ ਅਮਰੀਕਾ, ਯੂਰਪ, ਪੱਛਮੀ ਏਸ਼ੀਆ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਉਸਨੇ ਆਪਣੀ ਮੌਜੂਦਾ ਸਥਿਤੀ ਲਈ ਨਕਦੀ ਅਤੇ ਸਪਲਾਈ ਚੇਨ ‘ਚ ਦਿੱਕਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਅਦਾਲਤ ਵਿਚ ਦਾਖਲ ਦਸਤਾਵੇਜਾਂ ਅਨੁਸਾਰ ਕੰਪਨੀ ਨੇ 10 ਕਰੋੜ ਡਾਲਰ ਦੀ ਜਾਇਦਾਦ ਅਤੇ ਕਰਜ਼ੇ ਦਾ ਜ਼ਿਕਰ ਕੀਤਾ ਹੈ।
ਪੰਜਾਬ ਨੈਸ਼ਨਲ ਬੈਂਕ ਨੂੰ ਹੋਇਆ ਵੱਡਾ ਘਾਟਾ
ਨੀਰਵ ਮੋਦੀ ਵਲੋਂ ਕੀਤੇ ਇਸ ਘਪਲੇ ਕਾਰਨ ਪੰਜਾਬ ਨੈਸ਼ਨਲ ਬੈਂਕ ਨੂੰ ਬਹੁਤ ਵੱਡੇ ਘਾਟਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੰਗਲਵਾਰ ਨੂੰ ਬੈਂਕ ਨੇ ਮਾਰਚ ਤਿਮਾਹੀ ਲਈ ਆਪਣੇ ਨਤੀਜੇ ਘੋਸ਼ਿਤ ਕੀਤੇ ਹਨ ਜਿਨ੍ਹਾਂ ਦੇ ਮੁਤਾਬਕ ਮਾਰਚ ਤਿਮਾਹੀ ‘ਚ ਪੰਜਾਬ ਨੈਸ਼ਨਲ ਬੈਂਕ ਨੂੰ 13,417 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੋਇਆ ਹੈ। ਦਸੰਬਰ ਤਿਮਾਹੀ ਦੌਰਾਨ ਬੈਂਕ ਨੂੰ 230.11 ਕਰੋੜ ਰੁਪਏ ਅਤੇ 2016-17 ਦੀ ਮਾਰਚ ਤਿਮਾਹੀ ‘ਚ 261.90 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ।