ਨਵੀਂ ਦਿੱਲੀ— ਹੁਣ ਪੈਟਰੋਲ ਦੀ ਕੀਮਤ ਵੀ ਰਿਕਾਰਡ ਹਾਈ ‘ਤੇ ਪਹੁੰਚ ਗਈ ਹੈ। ਦਿੱਲੀ ‘ਚ ਐਤਵਾਰ ਨੂੰ ਪੈਟਰੋਲ ਦੀ ਕੀਮਤ 76.24 ਰੁਪਏ ਦਰਜ ਕੀਤੀ ਗਈ। ਤੇਲ ਕੰਪਨੀਆਂ ਨੇ ਅੱਜ ਇਸ ਦੀ ਕੀਮਤ ‘ਚ 33 ਪੈਸੇ ਦਾ ਵਾਧਾ ਕੀਤਾ ਹੈ। ਉੱਥੇ ਹੀ, ਡੀਜ਼ਲ ਵੀ ਹੁਣ ਤਕ ਦੇ ਆਪਣੇ ਇਤਿਹਾਸ ‘ਚ ਸਭ ਤੋਂ ਮਹਿੰਗਾ ਹੋ ਕੇ 67.57 ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਬੀਤੇ 4 ਹਫਤਿਆਂ ਤੋਂ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਲਗਾਤਾਰ ਵਧਾਈ ਜਾ ਰਹੀ ਹੈ। ਸਥਾਨਕ ਵਿਕਰੀ ਟੈਕਸ ਅਤੇ ਵੈਟ ਅਨੁਸਾਰ ਹਰ ਸੂਬੇ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਦੇਸ਼ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਵੱਡੇ ਸ਼ਹਿਰਾਂ ਦੀ ਤੁਲਨਾ ‘ਚ ਦਿੱਲੀ ‘ਚ ਇਹ ਕੀਮਤਾਂ ਫਿਰ ਵੀ ਘੱਟ ਹਨ। ਪਹਿਲੀ ਵਾਰ ਦਿੱਲੀ ‘ਚ ਪੈਟਰੋਲ ਦੀ ਸਭ ਤੋਂ ਜ਼ਿਆਦਾ ਕੀਮਤ 14 ਸਤੰਬਰ 2013 ‘ਚ ਦੇਖਣ ਨੂੰ ਮਿਲੀ ਸੀ। ਉਦੋਂ ਇਸ ਦੀ ਕੀਮਤ 76.06 ਰੁਪਏ ਦਰਜ ਕੀਤੀ ਗਈ ਸੀ।
ਉੱਥੇ ਹੀ ਕਰਨਾਟਕ ਚੋਣਾਂ ਖਤਮ ਹੋਣ ‘ਤੇ 14 ਮਈ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਤਕਰੀਬਨ ਇਕ ਹਫਤੇ ‘ਚ ਹੀ ਪੈਟਰੋਲ ਦੀ ਕੀਮਤ 1.61 ਰੁਪਏ ਅਤੇ ਡੀਜ਼ਲ ਦੀ 1.64 ਰੁਪਏ ਵਧ ਚੁੱਕੀ ਹੈ। ਮੌਜੂਦਾ ਸਮੇਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪੈਟਰੋਲ ਦੀ ਕੀਮਤ ਸਭ ਤੋਂ ਵਧ 84.07 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਭੋਪਾਲ ‘ਚ ਇਹ ਕੀਮਤ 81.83 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਪਟਨਾ ‘ਚ ਪੈਟਰੋਲ ਦੀ ਕੀਮਤ 81.73 ਰੁਪਏ, ਹੈਦਰਾਬਾਦ ‘ਚ 80.76 ਰੁਪਏ, ਪੰਜਾਬ ‘ਚ 81.49 ਰੁਪਏੇ ਅਤੇ ਸ਼੍ਰੀਨਗਰ ‘ਚ 80.35 ਰੁਪਏ ਦਰਜ ਕੀਤੀ ਗਈ।
ਪੰਜਾਬ ‘ਚ ਡੀਜ਼ਲ 67.50 ਰੁਪਏ ਦੇ ਪਾਰ, ਹੈਦਰਾਬਾਦ ‘ਚ ਸਭ ਤੋਂ ਮਹਿੰਗਾ-
ਡੀਜ਼ਲ ਦੀ ਗੱਲ ਕਰੀਏ ਤਾਂ ਹੈਦਰਾਬਾਦ ‘ਚ ਸਥਾਨਕ ਟੈਕਸਾਂ ਦੇ ਮੱਦੇਨਜ਼ਰ ਡੀਜ਼ਲ ਸਭ ਤੋਂ ਮਹਿੰਗਾ 73.45 ਰੁਪਏ ਪ੍ਰਤੀ ਲੀਟਰ ‘ਚ ਮਿਲ ਰਿਹਾ ਹੈ। ਇਸ ਦੇ ਇਲਾਵਾ ਰਾਏਪੁਰ, ਗਾਂਧੀਨਗਰ, ਭੁਵਨੇਸ਼ਵਰ, ਪਟਨਾ, ਜੈਪੁਰ, ਭੋਪਾਲ, ਰਾਂਚੀ ਅਤੇ ਸ਼੍ਰੀਨਗਰ ਸਮੇਤ ਕਈ ਹੋਰ ਸ਼ਹਿਰਾਂ ‘ਚ ਡੀਜ਼ਲ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਤੋਂ ਵਧ ਚੱਲ ਰਹੀ ਹੈ। ਜਦੋਂ ਕਿ ਪੰਜਾਬ, ਦਿੱਲੀ, ਹਰਿਆਣਾ ਅਤੇ ਹਿਮਾਚਲ ‘ਚ ਡੀਜ਼ਲ ਦੀ ਕੀਮਤ 67 ਰੁਪਏ ਦੇ ਪਾਰ ਚਲੀ ਗਈ ਹੈ। ਜਲੰਧਰ ‘ਚ ਐਤਵਾਰ ਨੂੰ ਡੀਜ਼ਲ ਦੀ ਕੀਮਤ 67.54 ਰੁਪਏ, ਜਦੋਂ ਕਿ ਪੈਟਰੋਲ ਦੀ ਕੀਮਤ 81.49 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ।