ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ -ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਤੇ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਉਸ ਥਾਂ ਤੇ ਪੁੱਜੇ , ਜਿਥੇ ਆਲ ਪੰਜਾਬ ਆਂਗਨਵਾੜੀ ਯੂਨੀਅਨ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੂਹੇ ਅੱਗੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ‘ਚ ਭੁੱਖ ਹੜਤਾਲ ਰੱਖੀ ਹੋਈ ਹੈ। ਇਸ ਮੌਕੇ ਖਹਿਰਾ ਨੇ ਵਰਕਰਾਂ ਤੇ ਹੈਲਪਰਾਂ ਦੇ ਸੰਘਰਸ਼ ਅਤੇ ਮੰਗਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਮੁਲਾਜ਼ਮ ਵਰਗ ਨਾਲ ਪੂਰੀ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵੱਸ ਚੱਲੇ ਤਾਂ ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ 20-20 ਹਜ਼ਾਰ ਮਾਣ ਭੱਤਾ ਮਿਲਣਾ ਚਾਹੀਦਾ ਹੈ ਤੇ ਹੈਲਪਰਾਂ ਦੇ ਮਾਣ ਭੱਤੇ ‘ਚ ਵੀ ਵਾਧਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਂਗਨਵਾੜੀ ਸੈਂਟਰਾਂ ਦੇ ਛੋਟੇ ਬੱਚਿਆਂ ਨੂੰ ਸਿੱਖਿਆ ਵਿਭਾਗ ਖੋਹ ਕੇ ਲੈ ਗਿਆ ਹੈ, ਉਹ ਬੱਚੇ ਵੀ ਵਾਪਸ ਭੇਜੇ ਜਾਣ। ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਕਿਹਾ ਕਿ ਮੇਰੀ ਹਮਦਰਦੀ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਨਾਲ ਹੈ ਕਿਉਂਕਿ ਵਰਕਰ ਤੇ ਹੈਲਪਰ ਇਕ ਅਜਿਹਾ ਵਰਗ ਹੈ, ਜੋ ਛੋਟੇ ਬੱਚਿਆਂ ਨੂੰ ਸੰਭਾਲਦਾ ਹੈ ਤੇ ਉਨ੍ਹਾਂ ਦਾ ਵਿਕਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਵਿਧਾਨ ਸਭਾ ‘ਚ ਇਹ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਸੀ ਤੇ ਹੁਣ ਵੀ ਇਹ ਮੁੱਦਾ ਉਠਾਵਾਂਗਾ। ਆਂਗਨਵਾੜੀ ਯੂਨੀਅਨ ਦੇ ਵਫ਼ਦ ਨੇ ਆਪਣੀਆਂ ਮੰਗਾਂ ਸਬੰਧੀ ਖਹਿਰਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਗੱਲ ਕਰਦਿਆਂ ਆਪ ਆਗੂ ਖਹਿਰਾ ਨੇ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ‘ਚੋਂ ਲੰਘਦੀਆਂ ਵੱਡੀਆਂ ਨਹਿਰਾਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ‘ਚ ਪਿਛਲੇਂ ਕਾਫ਼ੀ ਸਮੇਂ ਤੋਂ ਕਾਲਾ ਤੇ ਗੰਦਾ ਪਾਣੀ ਆ ਰਿਹਾ ਹੈ, ਜੋ ਭਿਆਨਕ ਬਿਮਾਰੀਆਂ ਦੀ ਜੜ੍ਹ ਹੈ ਤੇ ਅੱਜ ਉਹ ਨਹਿਰਾਂ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਖੇਤਰ ‘ਚ ਆਏ ਹਨ।