ਚੰਡੀਗੜ੍ਹ/ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਗੁਰਦੁਆਰਾ ਸਾਹਿਬਾਨਾਂ ‘ਚ ਸਹੁੰ ਚੁੱਕਣ ਦੀ ਦਰਿਆਫਤ ਕਰਨ ਦੇ ਹੁਕਮਾਂ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ। ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਹੋ ਕੇ ਕਿਹਾ ਕਿ ਸਿੱਖ ਪੰਥ ਦੇ ਸਿਧਾਂਤਾਂ ਅਤੇ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ‘ਚ ਜਾ ਕੇ ਸਹੁੰ ਚੁੱਕਣ ਦੀ ਕੋਈ ਪ੍ਰਥਾ ਨਹੀਂ ਹੈ।
ਇਹ ਹੈ ਮਾਮਲਾ
ਅਸਲ ‘ਚ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੀਆਂ ਦੋ ਧਿਰਾਂ ਵਿਚਕਾਰ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਕ ਪੱਖ ਨੇ ਅਦਾਲਤ ‘ਚ ਕਿਹਾ ਕਿ ਉਹ ਖੁਦ ਨੂੰ ਸੱਚਾ ਸਾਬਤ ਕਰਨ ਲਈ ਗੁਰਦੁਆਰਾ ਸਾਹਿਬ ‘ਚ ਜਾ ਕੇ ਸਹੁੰ ਖਾਣ ਨੂੰ ਵੀ ਤਿਆਰ ਹੈ। ਇਸ ‘ਤੇ ਹਾਈਕੋਰਟ ਨੇ ਵਕੀਲ ਨੂੰ ਲੋਕਲ ਕਮਿਸ਼ਨਰ ਨਿਯੁਕਤ ਕਰਕੇ ਸਹੁੰ ਚੁਕਾਉਣ ਲਈ ਕਿਹਾ ਸੀ ਅਤੇ ਬੁੱਧਵਾਰ ਤੱਕ ਰਿਪੋਰਟ ਮੰਗੀ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ‘ਚ ਪੇਸ਼ ਹੋ ਕੇ ਸਖਤ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਸਹੁੰ ਚੁੱਕਣ ਦੀ ਪ੍ਰਥਾ ਅਦਾਲਤਾਂ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ। ਅਦਾਲਤ ਨੇ ਅਜੇ ਇਸ ਮਾਮਲੇ ‘ਤੇ ਫੈਸਲਾ ਕਰਨਾ ਹੈ ਕਿ ਭਵਿੱਖ ‘ਚ ਅਜਿਹਾ ਹੁਕਮ ਅਦਾਲਤ ਵਲੋਂ ਦੇਣਾ ਚਾਹੀਦਾ ਹੈ ਜਾਂ ਨਹੀਂ। ਹਾਈਕੋਰਟ ਦੇ ਐਡਵੋਕੇਟ ਕਵਰਜੀਤ ਨੇ ਕਿਹਾ ਕਿ ਅਜੇ ਇਸ ‘ਤੇ ਜੱਜਮੈਂਟ ਆਉਣੀ ਬਾਕੀ ਹੈ ਕਿ ਧਾਰਮਿਕ ਚਿੰਨ੍ਹਾਂ ‘ਤੇ ਸਹੁੰ ਚੁੱਕਣ ਦੀ ਕਾਰਵਾਈ ਅਦਾਲਤਾਂ ਤੱਕ ਹੀ ਸੀਮਤ ਕਰਨੀ ਚਾਹੀਦੀ ਹੈ ਜਾਂ ਨਹੀਂ।