ਮਾਸਕੋ— ਪੀ. ਐਮ ਨਰਿੰਦਰ ਮੋਦੀ ਨੇ ਰੂਸ ਦੇ ਸੋਚੀ ਸ਼ਹਿਰ ਵਿਚ ਅੱਜ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੈਰ-ਰਸਮੀ ਸ਼ਿਖਰ ਬੈਠਕ ਕੀਤੀ। ਇਸ ਦੌਰਾਨ ਪੁਤਿਨ ਨੇ ਕਿਹਾ ਕਿ ਭਾਰਤ-ਰੂਸ ਦੇ ਸਬੰਧ ਕਾਫੀ ਮਜਬੂਤ ਹਨ। ਉਥੇ ਹੀ ਪੀ. ਐੱਮ. ਮੋਦੀ ਨੇ ਪੁਤਿਨ ਨੂੰ ਰੂਸ ਦਾ ਚੌਥੀ ਵਾਰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਦੁਬਾਰਾ ਇਸ ਮੁਲਾਕਾਤ ‘ਤੇ ਕਾਫੀ ਖੁਸ਼ੀ ਹੋ ਰਹੀ ਹੈ। ਇਸ ਦੌਰਾਨ ਮੋਦੀ ਨੇ ਵਲਾਦਿਮੀਰ ਪੁਤਿਨ ਨੂੰ ਉਨ੍ਹਾਂ ਦੇ ਪਹਿਲੇ ਭਾਰਤ ਦੌਰੇ ਅਤੇ ਉਸ ਸਮੇਂ ਦੇ ਪੀ. ਐੱਮ. ਅਟਲ ਬਿਹਾਰੀ ਵਾਜਪੇਈ ਨਾਲ ਮੁਲਾਕਾਤ ਦੀ ਵੀ ਯਾਦ ਦਿਵਾਈ।
ਉਨ੍ਹਾਂ ਕਿਹਾ ‘ਮੈਨੂੰ ਫੋਨ ‘ਤੇ ਵਧਾਈ ਦੇਣ ਦਾ ਮੌਕਾ ਮਿਲਿਆ ਸੀ ਪਰ ਅੱਜ ਮਿਲ ਕੇ ਵਧਾਈ ਦੇਣ ਦਾ ਮੌਕਾ ਮਿਲਿਆ ਹੈ। ਭਾਰਤ ਦੇ ਸਵਾ ਸੋ ਕਰੋੜ ਦੇਸ਼ਵਾਸੀਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ। ਸਾਲ 2000 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਤੁਹਾਡਾ ਭਾਰਤ ਨਾਲ ਅਟੁੱਟ ਰਿਸ਼ਤਾ ਰਿਹਾ ਹੈ। ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਪੁਤਿਨ ਨੂੰ ਕਿਹਾ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੁਸੀਂ ਭਾਰਤ ਗਏ ਸੀ, ਉਸ ਸਮੇਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਸਨ। ਅੱਗੇ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਮੇਰੇ ਬਹੁਤ ਕਰੀਬੀ ਦੋਸਤ ਵੀ ਹਨ। ਸੋਚੀ ਵਿਚ ਗੈਰ-ਰਸਮੀ ਮੁਲਾਕਾਤ ਲਈ ਸੱਦਣ ਲਈ ਰਾਸ਼ਟਰਤਪੀ ਪੁਤਿਨ ਦਾ ਧੰਨਵਾਦ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਦਾ ਸੋਚੀ ਹਵਾਈਅੱਡੇ ‘ਤੇ ਭਾਰਤ ਦੇ ਰਾਜਦੂਤ ਪੰਕਜ ਸ਼ਰਨ ਅਤੇ ਰੂਸ ਸਰਕਾਰ ਦੇ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ।