ਐਸਐਸਪੀ ਬਟਾਲਾ ਅਤੇ ਡੀਜੀਪੀ ਪੰਜਾਬ ਨੂੰ ਐਡਵੋਕੇਟ ਚੱਢਾ ਨੇ ਐਫਆਈਆਰ ਦਰਜ ਕਰਨ ਲਈ ਭੇਜੀ ਸ਼ਿਕਾਇਤ
ਚੰਡੀਗੜ -ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਵੱਲੋਂ ਬਿਆਸ ਦਰਿਆ ਵਿਚ ਸੁੱਟੇ ਪਦਾਰਥ ਕਾਰਨ ਜੋ ਅਣਗਿਣਤ ਮੱਛੀਆਂ ਅਤੇ ਪਾਣੀ ਦੇ ਜੀਵਾਂ ਦੀ ਮੌਤ ਹੋਈ ਹੈ ਅਤੇ ਖੇਤੀਬਾੜੀ ਤੇ ਪੀਣ ਵਾਲਾ ਪਾਣੀ ਜ਼ਹਿਰੀਲਾ ਹੋਣ ਕਾਰਨ ਮਨੁੱਖੀ ਜ਼ਿੰਦਗੀਆਂ ਖ਼ਤਰੇ ‘ਚ ਪਈਆਂ ਹਨ, ਉਸ ਸੰਬੰਧੀ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਐਫਆਈਆਰ ਦਰਜ ਨਾ ਕਰਨਾ ਪੁਲਿਸ ਅਤੇ ਪ੍ਰਸ਼ਾਸਨ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ‘ਚ ਖੜਾ ਕਰਦਾ ਹੈ।
ਜਾਰੀ ਪ੍ਰੈੱਸ ਨੋਟ ‘ਆਪ‘ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਢਾ ਨੇ ਦੋਸ਼ ਲਾਇਆ ਕਿ ਪਾਣੀ ਦੇ ਜੀਵਾਂ ਅਤੇ ਮਨੁੱਖੀ ਜ਼ਿੰਦਗੀਆਂ ਨਾਲ ਸੰਬੰਧਿਤ ਇਸ ਮਾਮਲੇ ਦੀ ਤੁਰੰਤ ਐਫਆਈਆਰ ਦਰਜ ਹੋਣੀ ਬਣਦੀ ਸੀ ਜੋ ਕਿ ਅੱਜ ਤੱਕ ਵੀ ਨਹੀਂ ਹੋਈ ਹੈ। ਉਨਾਂ ਦੱਸਿਆ ਕਿ ਇਸ ਸੰਬੰਧੀ ਐਸਐਸਪੀ ਬਟਾਲਾ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਲਿਖਿਤ ਸ਼ਿਕਾਇਤ ਭੇਜ ਕੇ ਖੰਡ ਮਿਲ ਦੇ ਮਾਲਕਾਂ/ਪ੍ਰਬੰਧਕਾਂ ਅਤੇ ਉਨਾਂ ਨਾਲ ਮਿਲੀਭੁਗਤ ਕਰਨ ਵਾਲੇ ਅਫ਼ਸਰਾਂ ਵਿਰੁੱਧ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਉਨਾਂ ਕਿਹਾ ਕਿ ਜਿੰਨੀ ਦੇਰੀ ਐਫਆਈਆਰ ਦਰਜ ਕਰਨ ਵਿਚ ਹੋ ਰਹੀ ਹੈ, ਉਸ ਦਾ ਸਿੱਧਾ-ਸਿੱਧਾ ਫ਼ਾਇਦਾ ਮਿਲ ਪ੍ਰਬੰਧਕਾਂ ਨੂੰ ਮਿਲ ਰਿਹਾ ਹੈ। ਜਿਸ ਕਰ ਕੇ ਪੰਜਾਬ ਪੁਲਿਸ ਦੀ ਭੂਮਿਕਾ ਨੂੰ ਦੇਖਦੇ ਹੋਏ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਲਈ ਕਿਸੇ ਹੋਰ ਨਿਰਪੱਖ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣ। ਇਸੇ ਤਰਜ਼ ਉੱਤੇ ਸੂਬੇ ਵਿਚ ਹੋਰ ਉਦਯੋਗਾਂ ਪ੍ਰਦੂਸ਼ਿਤ ਕੀਤੇ ਜਾ ਰਿਹੇ ਪਾਣੀ, ਜਿਸ ਨਾਲ ਲਗਾਤਾਰ ਮਨੁੱਖੀ ਜ਼ਿੰਦਗੀਆਂ ਦਾ ਨੁਕਸਾਨ ਹੋ ਰਿਹਾ ਹੈ, ਸੰਬੰਧੀ ਵੀ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।