ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕਠੂਆ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ‘ਚ ਤਿੰਨ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਜੱਜ ਦੀਪਕ ਮਿਸ਼ਰਾ, ਜੱਜ ਏ.ਐਮ ਖਾਨਵਿਲਕਰ ਅਤੇ ਜੱਜ ਡੀ.ਵਾਈ ਚੰਦਰਚੂੜ ਦੀ ਬੈਂਚ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਕਠੂਆ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਜੰਮੂ ਕਸ਼ਮੀਰ ਪੁਲਸ ਦੀ ਅਪਰਾਧ ਸ਼ਾਖਾ ਹੀ ਕਰੇਗੀ। ਇਸ ਘਟਨਾ ਦੇ ਮੁੱਖ ਦੋਸ਼ੀਆਂ ‘ਚੋਂ ਇਕ ਵਿਸ਼ਾਲ ਜੰਗੋਤਰਾ ਵੱਲੋਂ ਗਵਾਹੀ ਦੇਣ ਵਾਲੇ ਉਸ ਦੇ ਤਿੰਨ ਦੋਸਤਾਂ ਸਾਹਿਲ, ਸਚਿਨ ਅਤੇ ਨੀਰਜ ਸ਼ਰਮਾ ਨੇ ਪੁਲਸ ਦੀ ਕਾਰਵਾਈ ਤੋਂ ਬਚਣ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਅਤੇ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਏ ਜਾਣ ਲਈ ਕੋਰਟ ਨੂੰ ਅਪੀਲ ਕੀਤੀ ਸੀ।
ਤਿੰਨੋਂ ਜੰਮੂ ਦੇ ਰਹਿਣ ਵਾਲੇ ਹਨ ਅਤੇ ਉਤਰ ਪ੍ਰਦੇਸ਼ ਦੇ ਮੁਜਫੱਰਨਗਰ ਦੇ ਕਾਲਜ ‘ਚ ਵਿਸ਼ਾਲ ਜੰਗੋਤਰਾ ਨਾਲ ਪੜ੍ਹਾਈ ਕਰਦੇ ਹਨ। ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਜ ਪੁਲਸ ਅਧਿਕਾਰੀਆਂ ਨੇ 19 ਤੋਂ 31 ਮਾਰਚ ਵਿਚਕਾਰ ਸਰੀਰਕ ਅਤੇ ਮਾਨਸਿਕ ਟਾਰਚਰ ਕੀਤਾ ਗਿਆ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਵਿਸ਼ਾਲ ਜੰਗੋਤਰਾ 7 ਫਰਵਰੀ ਤੋਂ 10 ਫਰਵਰੀ ਤੱਕ ਮੁਜਫੱਰਨਗਰ ‘ਚ ਤਿੰਨਾਂ ਗਵਾਹਾਂ ਨਾਲ ਸੀ ਅਤੇ ਵਿਦਿਆਰਥੀਆਂ ਨੂੰ ਇਸ ਤੋਂ ਵੱਖ ਬਿਆਨ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਸ ਦੌਰਾਨ ਵਿਸ਼ਾਲ ਤਿੰਨਾਂ ਗਵਾਹਾਂ ਨਾਲ ਪ੍ਰੀਖਿਆ ਅਤੇ ਪ੍ਰੈਕਟੀਕਲ ‘ਚ ਸ਼ਾਮਲ ਹੋਇਆ। ਵਕੀਲ ਨੇ ਦੋਸ਼ ਲਗਾਇਆ ਕਿ ਅਪਰਾਧ ਸ਼ਾਖਾ ਤੋਂ ਵਿਦਿਆਰਥੀਆਂ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਪਰ ਕੋਰਟ ਨੇ ਦੋਵੇਂ ਮੰਗਾਂ ਖਾਰਜ ਕਰ ਦਿੱਤੀਆਂ।