‘ਪਿਆਰ ਕਾ ਪੰਚਨਾਮਾ’ ਦੀ ਸੀਰੀਜ਼ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਉਣ ਵਾਲੇ ਅਦਾਕਾਰ ਕਾਰਤਿਕ ਆਰਿਅਨ ਜਲਦ ਹੀ ਆਪਣੀ ਡਰੀਮ ਗਰਲ ਅਤੇ ਬੌਲੀਵੁੱਡ ਦੀ ਬੇਬੋ ਭਾਵ ਕਰੀਨਾ ਕਪੂਰ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਦਾ ਨਜ਼ਰ ਆਉਣ ਵਾਲਾ ਹੈ। ਹਾਲ ਹੀ ‘ਚ ਕਾਰਤਿਕ ਅਤੇ ਕਰੀਨਾ ਨੇ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸ਼ੋਅ ‘ਚ ਇਕੱਠਿਆਂ ਭਾਗ ਲਿਆ ਸੀ ਜਿੱਥੇ ਕਾਰਤਿਕ ਆਰਿਅਨ ਨੇ ਕਰੀਨਾ ਬਾਰੇ ਗੱਲ ਕਰਦੇ ਕਿਹਾ ਸੀ, ”ਉਹ ਇੱਕ ਸੰਜੀਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੈ, ਮੇਰੇ ਵਾਂਗ ਉਨ੍ਹਾਂ ਨੂੰ ਵੀ ਵਧੀਆ ਸਿਨੇਮਾ ਦੇਖਣਾ ਅਤੇ ਇਸ ਦਾ ਹਿੱਸਾ ਬਣਨਾ ਪਸੰਦ ਹੈ। ਉਨ੍ਹਾਂ ਨਾਲ ਗੁਜ਼ਾਰਿਆ ਮੇਰਾ ਸਮਾਂ ਚੰਗਾ ਰਿਹਾ ਹੈ। ਕਰੀਨਾ ਨਾਲ ਫ਼ਿਲਮ ਕਰਨਾ ਮੇਰਾ ਇੱਕ ਸੁਪਨਾ ਹੈ।”
ਹੁਣ ਕਾਰਤਿਕ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਦਰਅਸਲ ਕਰੀਨਾ ਕਪੂਰ ਨਾਲ ਕਾਰਤਿਕ ਆਰਿਅਨ ਇੱਕ ਫ਼ਿਲਮ ‘ਚ ਕੰਮ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਿਕ, ਕਾਰਤਿਕ ਨੂੰ ਕਰਨ ਜੌਹਰ ਨੇ ਆਪਣੀ ਅਗਲੀ ਫ਼ਿਲਮ ‘ਚ ਸਾਈਨ ਕੀਤਾ ਹੈ ਜਿਸ ਵਿੱਚ ਉਸ ਨਾਲ ਕਰੀਨਾ ਕਪੂਰ ਖ਼ਾਨ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਇਸ ਫ਼ਿਲਮ ‘ਚ ਕਰੀਨਾ, ਕਾਰਤਿਕ ਆਰਿਅਨ ਨਾਲ ਰੋਮਾਂਸ ਨਹੀਂ ਕਰੇਗੀ ਜਦਕਿ ਕਾਰਤਿਕ ਨਾਲ ਰੋਮੈਂਟਿਕ ਰੋਲ ਲਈ ਫ਼ਿਲਮਸਾਜ਼ ਕਰਨ ਜੌਹਰ ਅਦਾਕਾਰਾ ਜਾਨ੍ਹਵੀ ਕਪੂਰ ਨੂੰ ਫ਼ਾਈਨਲ ਕਰਨਾ ਚਾਹੁੰਦੇ ਹਨ। ਕਰੀਨਾ ਨਾਲ ਪਹਿਲਾਂ ਕਰਨ ਜੌਹਰ ਅਦਾਕਾਰ ਸਿੱਧਾਰਥ ਮਲਹੋਤਰਾ ਦੀ ਜੋੜੀ ਫ਼ਾਈਨਲ ਕਰਨਾ ਚਾਹੁੰਦੇ ਸਨ, ਪਰ ਬਾਅਦ ‘ਚ ਉਨ੍ਹਾਂ ਨੇ ਇਹ ਫ਼ੈਸਲਾ ਬਦਲ ਲਿਆ।