ਚੰਡੀਗੜ੍ਹ– ਡੇਰਾ ਸਿਰਸਾ ਪ੍ਰਮੁੱਖ ਖਿਲਾਫ ਛੱਤਰਪਤੀ ਤੇ ਰਣਜੀਤ ਸਿੰਘ ਕਤਲ ਕੇਸ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ, ਜਿਸ ਨਾਲ ਡੇਰਾ ਮੁਖੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ| ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਪਟੀਸ਼ਨ ਅਨੁਸਾਰ ਖੱਟਾ ਸਿੰਘ ਦੋਨਾਂ ਕੇਸਾਂ ਵਿਚ ਆਪਣੇ ਬਿਆਨ ਦਰਜ ਕਰਵਾ ਸਕਣਗੇ|
ਦੱਸਣਯੋਗ ਹੈ ਕਿ ਡੇਰਾ ਮੁਖੀ ਵਿਰੁੱਧ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਅਤੇ ਡੇਰੇ ਦੇ ਮੈਨੇਜਰ ਰਣਜੀਤ ਦੇ ਕਤਲ ਦੇ ਗੰਭੀਰ ਦੋਸ਼ ਲੱਗੇ ਸਨ| ਰਣਜੀਤ ਦਾ ਜੁਲਾਈ 2002 ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ|
ਇਸ ਤੋਂ ਪਹਿਲਾਂ ਖੱਟਾ ਸਿੰਘ ਦੀ ਦੁਬਾਰਾ ਬਿਆਨ ਦੇਣ ਦੀ ਪਟੀਸ਼ਨ ਨੂੰ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਖੱਟਾ ਸਿੰਘ ਦੇ ਵਕੀਲ ਨੇ ਕਿਹਾ ਸੀ ਕਿ ਉਹ ਹਾਈਕੋਰਟ ਵਿਚ ਅਪੀਲ ਕਰਨਗੇ| ਖੱਟਾ ਸਿੰਘ ਨੇ ਪਟੀਸ਼ਨ ਵਿਚ ਕਿਹਾ ਕਿ ਉਹ 2012 ਵਿਚ ਦੋਨਾਂ ਹੱਤਿਆਵਾਂ ਦੇ ਮਾਮਲੇ ਵਿਚ ਆਪਣੇ ਬਿਆਨਾਂ ਤੋਂ ਇਸ ਲਈ ਪਲਟ ਗਏ ਸਨ ਕਿਉਂਕਿ ਉਸ ਨੂੰ ਰਾਮ ਰਹੀਮ ਦੇ ਗੁੰਡਿਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ| ਇਸ ਦੌਰਾਨ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਸਜ਼ਾ ਹੁਣ ਤੋਂ ਬਾਅਦ ਖੱਟਾ ਸਿੰਘ ਨੇ ਉਸ ਖਿਲਾਫ ਫਿਰ ਤੋਂ ਗਵਾਹੀ ਦੇਣ ਲਈ ਅਪੀਲ ਕੀਤੀ ਸੀ|
ਡੇਰਾ ਮੁਖੀ ਇਸ ਸਮੇਂ ਬਲਾਤਕਾਰ ਦੇ ਮਾਮਲੇ ਵਿਚ ਸੁਨਾਰੀਆ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ|