ਜੰਮੂ— ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 28 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਐਡੀਸ਼ਨਲ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦੀ ਰਾਜ ਸਰਕਾਰ ਦੀ ਮੰਗ ‘ਤੇ ਆਪਣੇ ਵੱਲੋਂ ਸਹਿਮਤੀ ਜ਼ਾਹਰ ਕਰ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 28 ਜੂਨ ਨੂੰ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਨੂੰ ਕਿਸੇ ਵੀ ਤਰ੍ਹਾਂ ਨਾਲ ਅੱਤਵਾਦੀ ਹਮਲੇ ਤੋਂ ਬਚਾਉਣ ਅਤੇ ਇਸ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਲਈ ਰਾਜ ਸਰਕਾਰ ਨੇ ਕੇਂਦਰ ਨੂੰ ਇਸ ਬਾਰੇ ਲਿਖਿਆ ਸੀ। ਰਾਜ ਸਰਕਾਰ ਨੇ ਐਡੀਸ਼ਨਲ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦੀ ਅਪੀਲ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜ ਸਰਕਾਰ ਦੀ ਅਪੀਲ ‘ਤੇ ਕੇਂਦਰ ਸਰਕਾਰ ਜੰਮੂ-ਕਸ਼ਮੀਰ ‘ਚ ਐਡੀਸ਼ਨਲ ਸੁਰੱਖਿਆ ਫੋਰਸਾਂ ਦੀਆਂ 80 ਕੰਪਨੀਆਂ ਦੀ ਤਾਇਨਾਤੀ ਕਰੇਗਾ। ਇਨ੍ਹਾਂ ‘ਚੋਂ ਜੰਮੂ ‘ਚ 35 ਅਤੇ ਕਸ਼ਮੀਰ ‘ਚ 45 ਕੰਪਨੀਆਂ ਨੂੰ ਤਾਇਨਾਤ ਕੀਤਾ ਜਾਵੇਗਾ।
ਇਨ੍ਹਾਂ ਨੀਮ ਫੌਜੀ ਫੋਰਸਾਂ ‘ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.), ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਨੂੰ ਰਾਸ਼ਟਰੀ ਰਾਜਮਾਰਗ ‘ਤੇ ਤਾਇਨਾਤ ਕੀਤਾ ਜਾਵੇਗਾ ਅਤੇ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਅਤੇ ਫੌਜ ਨੂੰ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਸਰਹੱਦ ਪਾਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਤੋਂ ਇਲਾਵਾ ਰਾਜ ਪੁਲਸ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਮਦਦ ਕਰੇਗੀ। ਯਾਤਰਾ ਦੌਰਾਨ ਫੌਜੀਆਂ ਨੂੰ ਜੰਮੂ ਸਥਿਤ ਯਾਤਰੀ ਭਵਨ ‘ਤੇ ਵੀ ਤਾਇਨਾਤ ਕੀਤਾ ਜਾਵੇਗਾ। ਇਸ ਸਾਲ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ 26 ਅਗਸਤ ਨੂੰ ਪੂਰੀ ਹੋਵੇਗੀ ਅਤੇ 12 ਅਪ੍ਰੈਲ ਤੱਕ ਆਨਲਾਈਨ ਰਜਿਸਟਰਡ ਰਾਹੀਂ ਯਾਤਰੀਆਂ ਦਾ ਆਂਕੜਾ ਇਕ ਲੱਖ ਤੋਂ ਵਧ ਤੱਕ ਪੁੱਜ ਚੁਕਿਆ ਹੈ। ਹੈਲੀਕਾਪਟਰ ਟਿਕਟਾਂ ਦੀ ਆਨਲਾਈਨ ਬੁਕਿੰਗ ਨੂੰ ਵੀ ਇਨ੍ਹਾਂ ਦੇ ਸੰਚਾਲਨ ਨਾਲ ਜੁੜੀਆਂ ਕੰਪਨੀਆਂ ਨਾਲ ਮਿਲ ਕੇ ਆਖਰੀ ਰੂਪ ਦਿੱਤਾ ਜਾ ਚੁਕਿਆ ਹੈ।