ਕਿਹਾ ਕਿ ਪਹਿਲਾਂ ਕਾਂਗਰਸੀ ਦਿੱਲੀ ਡੇਰੇ ਜਮਾਈ ਬੈਠੇ ਸਨ ਅਤੇ ਹੁਣ ਵਧਾਈ ਸਮਾਰੋਹਾਂ ‘ਚ ਰੁੱਝੇ ਹਨ
ਮਲੂਕਾ ਨੇ ਕਿਹਾ ਕਿ ਜ਼ਿਆਦਾ ਕਣਕ ਆਉਣ ਕਰਕੇ ਜਾਣ ਬੁੱਝ ਕੇ ਖਰੀਦ ਘਟਾਈ ਜਾ ਰਹੀ ਹੈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਮੀਚਣ ਲਈ ਨਿਖੇਧੀ ਕਰਦਿਆਂ ਕਿਹਾ ਹੈ ਕਿ ਨਾਕਸ ਪ੍ਰਬੰਧਾਂ ਕਰਕੇ ਕਣਕ ਖਰੀਦ ਦੀ ਸਮੁੱਚੀ ਪ੍ਰਕਿਰਿਆ ਠੱਪ ਹੋ ਕੇ ਰਹਿ ਗਈ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿਚੋਂ ਤੁਰੰਤ ਕਣਕ ਚੁਕਾਈ ਜਾਵੇ ਅਤੇ ਜਾਣ ਬੁੱਝ ਕੇ ਹੌਲੀ ਕੀਤੀ ਕਣਕ ਦੀ ਖਰੀਦ ਵਿਚ ਤੇਜ਼ੀ ਲਿਆਂਦੀ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਅਣਮਨੁੱਖੀ ਵਿਵਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਕਣਕ ਦੀ ਖਰੀਦ ਦੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਉਹਨਾਂ ਦੀ ਕਿਸਮਤ ਉੱਤੇ ਛੱਡ ਕੇ ਪਹਿਲਾਂ ਤਾਂ ਸਾਰੇ ਕਾਂਗਰਸੀ ਆਗੂ ਵਜ਼ੀਰੀਆਂ ਲੈਣ ਵਾਸਤੇ ਦਿੱਲੀ ਡੇਰੇ ਲਾਈ ਬੈਠੇ ਰਹੇ। ਹੁਣ ਕੈਬਟਿਟ ਵਿਚ ਵਾਧਾ ਹੋਣ ਮਗਰੋਂ ਸਾਰੇ ਆਪੋ ਆਪਣੇ ਇਲਾਕਿਆਂ ਵਿਚ ਵੱਡੇ ਸਵਾਗਤੀ ਸਮਾਗਮ ਕਰਵਾਉਣ ਵਿਚ ਰੁੱਝੇ ਹਨ ਅਤੇ ਉਹਨਾਂ ਨੂੰ ਕਿਸਾਨਾਂ ਦੀ ਦੁਰਦਸ਼ਾ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ।
ਸਰਦਾਰ ਮਲੂਕਾ ਨੇ ਕਿਹਾ ਕਿ ਮੌਜੂਦਾ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਲੈ ਕੇ ਰਾਜਪੁਰਾ, ਲੁਧਿਆਣਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਹੋਰ ਥਾਵਾਂ ਉੱਤੇ ਪੰਜਾਬ ਦੀਆਂ ਲਗਭਗ ਸਾਰੀਆਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ। ਉਹਨਾਂ ਕਿਹਾ ਕਿ ਮੰਡੀਆਂ ਵਿਚ ਨਵੀਂ ਕਣਕ ਲਿਆਉਣ ਵਾਸਤੇ ਜਗ੍ਹਾ ਨਾ ਹੋਣ ਕਰਕੇ ਖਰੀਦ ਏਜੰਸੀਆਂ ਨੇ ਜਾਣਬੁੱਝ ਕੇ ਖਰੀਦ ਦੀ ਰਫਤਾਰ ਹੌਲੀ ਕਰ ਦਿੱਤੀ ਹੈ। ਜਿਸ ਕਰਕੇ ਪਿਛਲੇ 10-12 ਦਿਨਾਂ ਤੋਂ ਹਜ਼ਾਰਾਂ ਕਿਸਾਨ ਆਪਣੀ ਕਣਕ ਵੇਚਣ ਲਈ ਮੰਡੀਆਂ ਦੇ ਬਾਹਰ ਢੇਰੀਆਂ ਲਾਈ ਬੈਠੇ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਬਾਹਰ ਅਸਮਾਨ ਥੱਲੇ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਆਪਣੀ ਕਣਕ ਦੀ ਰਾਖੀ ਚੋਰ ਉਚੱਕਿਆਂ ਅਤੇ ਅਵਾਰਾ ਪਸ਼ੂਆਂ ਤੋਂ ਕਰਨੀ ਪੈ ਰਹੀ ਹੈ।
ਇਸ ਸਾਰੀ ਗੜਬੜ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਖਰੀਦ ਸੀਜਨ ਦੇ ਮੌਕੇ ਕਣਕ ਦੀ ਢੋਅ ਢੁਆਈ ਦੇ ਰੇਟਾਂ ਵਿਚ ਭਾਰੀ ਕਮੀ ਕਰਕੇ ਇਹ ਸਮੱਸਿਆ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਛੋਟੇ ਟਰਾਂਸਪੋਰਟਰਾਂ ਦੀ ਤਬਾਹੀ ਹੋਈ ਹੈ, ਜਿਹਨਾਂ ਨੂੰ ਮਜ਼ਬੂਰ ਹੋ ਕੇ ਆਪਣੇ ਟਰੱਕ ਵੇਚਣੇ ਪਏ, ਸਗੋਂ ਇਸ ਨਾਲ ਢੋਅ-ਢੁਆਈ ਵਾਲੇ ਬਹੁਤ ਸਾਰੇ ਟਰੱਕ ਗੁਆਂਢੀ ਰਾਜ ਹਰਿਆਣਾ ਵਿਚ ਵੀ ਚਲੇ ਗਏ। ਹੁਣ ਕਣਕ ਦੀ ਚੁਕਾਈ ਲਈ ਬਹੁਤ ਥੋੜ੍ਹੇ ਟਰੱਕ ਬਚੇ ਹਨ। ਇਸ ਤੋਂ ਇਲਾਵਾ ਕਣਕ ਦੀ ਢੁਆਈ ਲਈ ਸਰਕਾਰ ਵੱਲੋਂ ਨਵੇਂ ਠੇਕੇ ਦੇਣ ਦੇ ਉਪਰਾਲੇ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ।
ਸਰਦਾਰ ਮਲੂਕਾ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਪੰਜਾਬ ਦੀਆਂ ਜ਼ਿਆਦਾਤਰ ਮੰਡੀਆਂ ਵਿਚ ਪਿਛਲੇ ਇੱਕ ਹਫਤੇ ਤੋਂ ਬਾਰਦਾਨਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਣਕ ਦੀ ਚੁਕਾਈ ਵਾਸਤੇ ਮਜ਼ਦੂਰਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਹ ਮਸਲਾ ਹੱਲ ਹੋਣ ਵਾਲਾ ਵੀ ਨਹੀਂ ਹੈ, ਕਿਉਂਕਿ ਕਾਂਗਰਸੀਆਂ ਨੇ ਮਜ਼ਦੂਰੀ ਦੇ ਠੇਕੇ ਆਪਣੇ ਬੰਦਿਆਂ ਨੂੰ ਦਿੱਤੇ ਹਨ, ਜਿਹੜੇ ਕਿ ਲੋੜੀਂਦੇ ਪ੍ਰਬੰਧ ਕਰਨ ਵਿਚ ਬੁਰੀ ਨਾਕਾਮ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਉਹ ਇਸ ਸੰਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਨੂੰ ਮਿਲੇ ਸਨ, ਪਰ ਜ਼ਮੀਨੀ ਪੱਧਰ ਉੱਤੇ ਹਾਲਾਤਾਂ ਵਿਚ ਕੋਈ ਸੁਧਾਰ ਨਹੀਂ ਹੋਇਆ। ਉਹਨਾਂ ਕਿਹਾ ਕਿ ਬਠਿੰਡਾ ਵਿਚ ਸਥਿਤੀ ਹੋਰ ਵੀ ਮਾੜੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਠੇਕਿਆਂ ਦੇ ਮੁੱਦੇ ਕਰਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਨੇ ਅਨਾਜ ਜਮ੍ਹਾਂ ਕਰਨ ਲਈ ਇੱਥੇ ਮੌਜੂਦ 6 ਵੱਡੇ ਮੈਦਾਨ ਠੇਕੇ ਉੱਤੇ ਨਹੀਂ ਲਏ ਹਨ ਅਤੇ ਸਰਕਾਰ ਵੀ ਅਨਾਜ ਭੰਡਾਰਣ ਵਾਸਤੇ ਅਜੇ ਤਕ ਇਸ ਦਾ ਕੋਈ ਵਿਕਲਪ ਨਹੀਂ ਜੁਟਾ ਪਾਈ ਹੈ।